ਰਾਗ ਧਨਾਸਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ।
(ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ ਰਹਾਉ॥
ਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ।
ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ ॥੧॥
ਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ।
ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ ॥੨॥੧॥੩੧॥
ਰਾਗ ਧਨਾਸਰੀ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ।
ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ ॥੧॥
ਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ।
(ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ)।
ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ ॥੨॥੧॥੩੨॥
ਹੇ ਭਾਈ! ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।
ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ ॥੧॥
ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ) ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ।
ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ ॥੨॥੨॥੩੩॥
(ਹੇ ਭਾਈ! ਧਨੀ ਮਨੁੱਖ ਨੂੰ ਧਨ ਦਾ ਆਸਰਾ ਹੁੰਦਾ ਹੈ, ਪਰ) ਧਨੀ ਮਨੁੱਖ ਧਨ ਨੂੰ ਵੇਖ ਕੇ ਅਹੰਕਾਰ ਕਰਨ ਲੱਗ ਪੈਂਦਾ ਹੈ। (ਜ਼ਿਮੀਂ ਦੇ ਮਾਲਕ ਨੂੰ ਜ਼ਿਮੀਂ ਦਾ ਸਹਾਰਾ ਹੁੰਦਾ ਹੈ, ਪਰ) ਜ਼ਿਮੀਂ ਦਾ ਮਾਲਕ (ਆਪਣੀ ਜ਼ਿਮੀਂ ਵੇਖ ਕੇ) ਅਹੰਕਾਰੀ ਹੋ ਜਾਂਦਾ ਹੈ।
ਰਾਜਾ ਸਮਝਦਾ ਹੈ ਸਾਰਾ ਦੇਸ ਮੇਰਾ ਹੀ ਰਾਜ ਹੈ (ਰਾਜੇ ਨੂੰ ਰਾਜ ਦਾ ਸਹਾਰਾ ਹੈ, ਪਰ ਰਾਜ ਦਾ ਅਹੰਕਾਰ ਭੀ ਹੈ)। ਇਸੇ ਤਰ੍ਹਾਂ ਪਰਮਾਤਮਾ ਦੇ ਸੇਵਕ ਨੂੰ ਮਾਲਕ-ਪ੍ਰਭੂ ਦਾ ਆਸਰਾ ਹੈ (ਪਰ ਉਸ ਨੂੰ ਕੋਈ ਅਹੰਕਾਰ ਨਹੀਂ) ॥੧॥
ਜੇ ਕੋਈ ਮਨੁੱਖ ਆਪਣੀ ਅਸਲੀ ਓਟ (ਪਰਮਾਤਮਾ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖੇ, ਤਾਂ ਉਹ (ਅਹੰਕਾਰ ਆਦਿਕ ਦੇ ਮੁਕਾਬਲੇ ਤੇ) ਆਪਣਾ ਹੌਸਲਾ ਨਹੀਂ ਹਾਰਦਾ,
(ਕਿਉਂਕਿ) ਉਹ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਹੈ (ਵਿਤੋਂ ਬਾਹਰਾ ਨਹੀਂ ਹੁੰਦਾ, ਅਹੰਕਾਰ ਵਿਚ ਨਹੀਂ ਆਉਂਦਾ, ਮਨੁੱਖਤਾ ਤੋਂ ਨਹੀਂ ਡਿੱਗਦਾ) ॥੧॥ ਰਹਾਉ ॥
ਜੇਹੜੇ ਮਨੁੱਖ ਹੋਰ ਸਾਰੇ (ਧਨ ਭੁਇਂ ਰਾਜ ਆਦਿਕ ਦੇ) ਆਸਰੇ ਛੱਡ ਕੇ ਇਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ, ਜੇਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ, ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ,
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ ॥੨॥੩॥੩੪॥
ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ।
ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ॥੧॥