ਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ),
ਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ,
ਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ ॥੨॥
(ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ,
ਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ।
(ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ॥੩॥
ਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ)।
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ)।
ਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ ॥੪॥
ਤਦੋਂ ਮਨ ਭਟਕਣੋਂ ਹਟ ਜਾਂਦਾ ਹੈ ਕਿਉਂਕਿ ਕਿਸੇ ਮਾਇਕ ਪਦਾਰਥ ਦੀ ਖ਼ਾਤਰ ਭਟਕਣਾ ਰਹਿੰਦੀ ਹੀ ਨਹੀਂ,
ਜਦੋਂ (ਇਹ ਯਕੀਨ ਬਣ ਜਾਏ ਕਿ) ਉਹ ਪ੍ਰਭੂ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪਕ ਹੈ।
(ਪਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ) ਬਚਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਤ੍ਰਿਸ਼ਨਾ ਵਿਚ ਫਸ ਕੇ ਆਪਣੀ) ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ ਉਹ ਆਤਮਕ ਜੀਵਨ ਦੀ ਪੱਧਰ ਤੋਂ ਨੀਵੇਂ ਹੋ ਜਾਂਦੇ ਹਨ) ॥੧॥
(ਹੇ ਭਾਈ!) ਜਿਸ ਮਨੁੱਖ ਨੂੰ ਦਇਆਲ ਪ੍ਰਭੂ ਆਪ (ਤ੍ਰਿਸ਼ਨਾ ਤੋਂ) ਬਚਾਂਦਾ ਹੈ,
(ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥
(ਹੇ ਭਾਈ! ਜਦੋਂ ਤੈਨੂੰ ਇਹ ਨਿਸ਼ਚਾ ਹੋ ਜਾਵੇ ਕਿ) ਇਕ ਬੇਅੰਤ ਪ੍ਰਭੂ ਹੀ ਸਭ ਵਿਚ ਵਿਆਪਕ ਹੈ,
ਤੂੰ ਤਦੋਂ ਹੀ ਚਿੰਤਾ-ਰਹਿਤ ਹੋ ਕੇ ਆਤਮਕ ਆਨੰਦ ਵਿਚ ਲੀਨ ਰਹਿ ਸਕਦਾ ਹੈਂ।
ਤੇ, ਜੋ ਕੁਝ ਜਗਤ ਵਿਚ ਵਾਪਰਦਾ ਹੈ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ॥੨॥
ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ, ਉਹ ਆਪਣੇ ਮਨ ਦੇ ਮੁਰੀਦ ਮਨੁੱਖ ਆਤਮਕ ਮੌਤੇ ਮਰੇ ਰਹਿੰਦੇ ਹਨ,
ਕਿਉਂਕਿ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਉਹਨਾਂ ਦੇ ਮੱਥੇ ਉਤੇ ਅਜੇਹਾ ਲੇਖ ਲਿਖਿਆ ਹੁੰਦਾ ਹੈ ਕਿ ਉਹ ਅਨੇਕਾਂ ਜੂਨਾਂ ਵਿਚ ਭਟਕਦੇ ਫਿਰਦੇ ਹਨ।
ਉਹ ਜਿਹੋ ਜਿਹਾ (ਕਰਮ-ਬੀਜ) ਬੀਜਦੇ ਹਨ ਉਹੋ ਜਿਹਾ (ਫਲ) ਖਾਂਦੇ ਹਨ ॥੩॥
(ਹਰ ਥਾਂ) ਪਰਮਾਤਮਾ ਦਾ ਦਰਸਨ ਕਰ ਕੇ ਜਿਸ ਮਨੁੱਖ ਦੇ ਮਨ ਵਿਚ ਖਿੜਾਉ ਪੈਦਾ ਹੁੰਦਾ ਹੈ,
ਉਸ ਨੂੰ ਹਰ ਥਾਂ ਪਰਮਾਤਮਾ ਹੀ ਪ੍ਰਕਾਸ਼ ਕਰ ਰਿਹਾ ਦਿੱਸਦਾ ਹੈ।
ਹੇ ਨਾਨਕ! ਉਸ ਦਾਸ ਦੀ ਪਰਮਾਤਮਾ (ਹਰੇਕ) ਆਸ ਪੂਰੀ ਕਰਦਾ ਹੈ ॥੪॥੨॥੭੧॥
(ਹੇ ਭਾਈ!) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ,
ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ।
ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ,
ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ॥੧॥
(ਹੇ ਭਾਈ!) ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ।
ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ ॥੧॥ ਰਹਾਉ ॥
(ਹੇ ਭਾਈ!) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,
ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ।
ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ,
ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ॥੨॥
(ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ,
ਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ।
ਮਾਣ, ਝੂਠ ਤੇ ਅਹੰਕਾਰ ਛੱਡ ਦੇਹ।
ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ॥੩॥
(ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ।
(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ।
ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ,
ਹੇ ਨਾਨਕ! ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ॥੪॥੩॥੭੨॥
(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ,
ਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ।
(ਹੇ ਭਾਈ!) ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟੇਗਾ,
ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ ॥੧॥
(ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ,
ਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ॥੧॥ ਰਹਾਉ ॥
(ਹੇ ਭਾਈ!) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ।
(ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ।