(ਹੇ ਬੰਦੇ! ਜਨਮ-ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ਼) ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟੱਲ ਰਹਿੰਦੇ ਹਨ (ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ), ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ (ਆਪ ਸਿਮਰਦੇ ਹਨ ਤੇ ਹੋਰਨਾਂ ਤੋਂ) ਜਪਾਂਦੇ ਹਨ।
ਪਰਮਾਤਮਾ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹਨਾਂ ਨੂੰ (ਐਸੇ) ਸੰਤ ਜਨਾਂ ਦੀ ਸੰਗਤ ਵਿਚ ਮਿਲਾਂਦਾ ਹੈ ॥੩॥
ਹੇ ਕਮਲੇ! ਮਾਂ, ਪਿਉ, ਵਹੁਟੀ, ਪੁੱਤਰ, ਧਨ-ਇਹਨਾਂ ਵਿਚੋਂ ਕੋਈ ਭੀ ਅਖ਼ੀਰ ਵੇਲੇ ਨਾਲ ਨਹੀਂ ਤੁਰਦਾ।
ਕਬੀਰ ਆਖਦਾ ਹੈ ਕਿ (ਇਕ ਪ੍ਰਭੂ ਹੀ ਸਾਥੀ ਬਣਦਾ ਹੈ) ਪ੍ਰਭੂ ਦਾ ਨਾਮ ਸਿਮਰ, (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਜਾ ਰਿਹਾ ਹੈ ॥੪॥੧॥
ਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ,
(ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ॥੧॥ ਰਹਾਉ ॥
(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ।
ਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ ॥੧॥
(ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ।
ਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ ਦੇਂਦਾ ਹੈ ॥੨॥
ਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ ਹੈ;
ਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ ॥੩॥
(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ,
ਕਬੀਰ ਆਖਦਾ ਹੈ- ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ ॥੪॥੨॥
ਰਾਗ ਸਾਰੰਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਨ! ਤੂੰ ਮਾਇਆ-ਜੰਗਲ ਵਿਚ ਕਿਉਂ ਜਾ ਫਸਿਆ ਹੈਂ?
ਤੂੰ ਤਾਂ ਭੁਲੇਖੇ ਵਿਚ ਪੈ ਕੇ ਠਗ-ਬੂਟੀ ਖਾਈ ਜਾ ਰਿਹਾ ਹੈਂ ॥੧॥ ਰਹਾਉ ॥
ਜਿਵੇਂ ਮੱਛੀ ਪਾਣੀ ਵਿਚ (ਬੇ-ਫ਼ਿਕਰ ਹੋ ਕੇ) ਰਹਿੰਦੀ-
ਮੌਤ-ਜਾਲ ਦੀ ਸੋਝੀ ਨਹੀਂ ਲੈਂਦੀ (ਭਾਵ, ਇਹ ਨਹੀਂ ਸਮਝਦੀ ਕਿ ਇਹ ਜਾਲ ਮੇਰੀ ਮੌਤ ਦਾ ਕਾਰਨ ਬਣੇਗਾ),
ਜੀਭ ਦੇ ਸੁਆਦ ਪਿੱਛੇ ਲੋਹੇ ਦੀ ਕੁੰਡੀ ਨਿਗਲ ਲੈਂਦੀ ਹੈ (ਤੇ ਪਕੜੀ ਜਾਂਦੀ ਹੈ);
ਤਿਵੇਂ ਹੀ ਤੂੰ ਸੋਨੇ ਤੇ ਇਸਤ੍ਰੀ ਦੇ ਮੋਹ ਵਿਚ ਬੱਝਾ ਪਿਆ ਹੈਂ (ਤੇ ਆਪਣੀ ਆਤਮਕ ਮੌਤ ਸਹੇੜ ਰਿਹਾ ਹੈਂ) ॥੧॥
ਜਿਵੇਂ ਮੱਖੀ ਬਹੁਤ ਸ਼ਹਿਦ ਇਕੱਠਾ ਕਰਦੀ ਹੈ,
ਪਰ ਮਨੁੱਖ (ਆ ਕੇ) ਸ਼ਹਿਦ ਲੈ ਲੈਂਦਾ ਹੈ ਤੇ ਉਸ ਮੱਖੀ ਦੇ ਮੂੰਹ ਵਿਚ ਸੁਆਹ ਪਾਂਦਾ ਹੈ (ਭਾਵ, ਉਸ ਮੱਖੀ ਨੂੰ ਕੁਝ ਭੀ ਨਹੀਂ ਦੇਂਦਾ);
ਜਿਵੇਂ ਗਊ ਆਪਣੇ ਵੱਛੇ ਲਈ ਦੁੱਧ (ਥਣਾਂ ਵਿਚ) ਇਕੱਠਾ ਕਰਦੀ ਹੈ,
ਪਰ ਗੁੱਜਰ ਗਲਾਵਾਂ ਪਾ ਕੇ ਦੁੱਧ ਚੋ ਲੈਂਦਾ ਹੈ ॥੨॥
ਤਿਵੇਂ ਮੂਰਖ ਮਨੁੱਖ ਮਾਇਆ ਦੀ ਖ਼ਾਤਰ ਬੜੀ ਮਿਹਨਤ ਕਰਦਾ ਹੈ,
ਉਸ ਨੂੰ ਕਮਾ ਕੇ ਧਰਤੀ ਵਿਚ ਨੱਪ ਰੱਖਦਾ ਹੈ,
ਮੂਰਖ ਬੜੀ ਇਕੱਠੀ ਕਰੀ ਜਾਂਦਾ ਹੈ ਪਰ ਸਮਝਦਾ ਨਹੀਂ,
ਕਿ ਧਨ ਜ਼ਮੀਨ ਵਿਚ ਹੀ ਦੱਬਿਆ ਪਿਆ ਰਹਿੰਦਾ ਹੈ ਤੇ (ਮੌਤ ਆਇਆਂ) ਸਰੀਰ ਮਿੱਟੀ ਹੋ ਜਾਂਦਾ ਹੈ ॥੩॥
(ਮੂਰਖ ਮਨੁੱਖ) ਕਾਮ ਕ੍ਰੋਧ ਅਤੇ ਤ੍ਰਿਸ਼ਨਾ ਵਿਚ ਬਹੁਤ ਖਿੱਝਦਾ ਹੈ,
ਕਦੇ ਭੀ ਸਾਧ-ਸੰਗਤ ਵਿਚ ਨਹੀਂ ਬੈਠਦਾ।
ਨਾਮਦੇਵ ਆਖਦਾ ਹੈ ਕਿ ਉਸ (ਪ੍ਰਭੂ) ਦੀ ਓਟ (ਲੈ),
(ਜੋ ਸਦਾ ਤੇਰੇ ਨਾਲ ਨਿੱਭਣ ਵਾਲਾ ਹੈ) ਨਿਡਰ ਹੋ ਕੇ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ॥੪॥੧॥
ਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ)
ਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ, (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ। ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ॥੧॥ ਰਹਾਉ ॥
ਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ।
ਪਾਣੀ ਤੋਂ ਲਹਿਰਾਂ (ਉਠਦੀਆਂ ਹਨ), ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ॥੧॥
(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ।
ਨਾਮਦੇਵ ਆਖਦਾ ਹੈ ਕਿ ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ॥੨॥੨॥
ਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ;
ਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ ॥੧॥ ਰਹਾਉ ॥
ਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ।