(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥
ਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ।
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,
ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
ਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
ਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥
ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।
ਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥
ਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
ਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ ॥੧॥ ਰਹਾਉ ॥
ਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ-ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
ਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ। (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ ॥੧॥
ਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ।
ਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ ॥੨॥੭੫॥੯੮॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ।
ਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥
(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ।
ਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥
ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!
(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥
(ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ,
ਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ-ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ॥੧॥ ਰਹਾਉ ॥
(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ।
ਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ॥੧॥
ਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ।
ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ)! (ਮੇਰੀ ਨਾਨਕ ਦੀ ਇਹ ਬੇਨਤੀ ਪ੍ਰਵਾਨ ਕਰ) ॥੨॥੭੭॥੧੦੦॥
(ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ,
ਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ ॥੧॥ ਰਹਾਉ ॥
(ਪਰ, ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ,
ਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ ॥੧॥