ਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ। (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ ॥੧॥
(ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ।
ਨਾਨਕ ਆਖਦਾ ਹੈ- ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ ॥੨॥੩॥੭॥
ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਿਮਰਿਆ ਕਰ।
ਗੁਰੂ ਦਾ ਸ਼ਬਦ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਵਾਸਤੇ) ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਮੁੱਕ ਜਾਂਦਾ ਹੈ ॥੧॥ ਰਹਾਉ ॥
ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆ ਪੈਂਦਾ ਹੈ, (ਉਸ ਨਾਲ) ਵੈਰ ਕਰਨ ਵਾਲੇ ਜਗਤ ਵਿਚ ਫਿਟਕਾਰਾਂ ਖਾਂਦੇ ਹਨ, ਉਸ ਨਾਲ ਈਰਖਾ ਕਰਨ ਵਾਲੇ (ਭੀ) ਸਾਰੇ (ਈਰਖਾ ਤੇ ਸਾੜੇ ਵਿਚ ਹੀ) ਫਸੇ ਰਹਿੰਦੇ ਹਨ (ਭਾਵ, ਦੋਖੀ ਆਪ ਹੀ ਦੁਖੀ ਹੁੰਦੇ ਹਨ, ਉਸ ਦਾ ਕੁਝ ਨਹੀਂ ਵਿਗਾੜਦੇ)।
ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ, ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ ॥੧॥
ਜਿਸ ਮਨੁੱਖ ਦੇ ਮਨ ਵਿਚ (ਪਰਮਾਤਮਾ ਨੇ ਆਪਣਾ) ਪਵਿੱਤਰ ਨਾਮ ਟਿਕਾ ਦਿੱਤਾ, ਮਿਹਰ ਕਰ ਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਿਆ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦੇ ॥੨॥੪॥੮॥
ਹੇ ਮੇਰੇ ਪ੍ਰਭੂ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਤੋਂ ਪਿਆਰੇ! ਹੇ ਦਇਆ ਦੇ ਸੋਮੇ ਪ੍ਰਭੂ!
(ਮੇਰੇ ਉਤੇ) ਮਿਹਰ ਕਰ! ਮੈਨੂੰ ਆਪਣਾ ਪਿਆਰ ਬਖ਼ਸ਼, ਮੈਨੂੰ ਆਪਣੀ ਭਗਤੀ ਦੇਹ, ਮੈਨੂੰ ਆਪਣਾ ਨਾਮ ਦੇਹ ॥੧॥ ਰਹਾਉ ॥
ਹੇ ਪ੍ਰੀਤਮ! ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੇਰੇ ਹਿਰਦੇ ਵਿਚ ਤੇਰੀ ਆਸ ਟਿਕੀ ਰਹੀ।
ਮੈਂ ਸੰਤ ਜਨਾਂ ਪਾਸ ਬੇਨਤੀ ਕਰਦਾ ਰਹਿੰਦਾ ਹਾਂ (ਕਿ ਮੈਨੂੰ ਤੇਰਾ ਦਰਸਨ ਕਰਾ ਦੇਣ, ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਬੜੀ ਤਾਂਘ ਹੈ ॥੧॥
ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜਿਆਂ ਆਤਮਕ ਮੌਤ ਹੋ ਜਾਂਦੀ ਹੈ, ਤੈਨੂੰ ਮਿਲਿਆਂ ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ! ਆਪਣੇ ਸੇਵਕ ਨੂੰ ਦਰਸਨ ਦੇਹ।
ਹੇ ਨਾਨਕ! ਹੇ ਮੇਰੇ ਪ੍ਰਭੂ! ਮਿਹਰ ਕਰ, ਤੇਰੇ ਨਾਮ ਦਾ ਆਸਰਾ (ਮੈਨੂੰ ਮਿਲਿਆ ਰਹੇ, ਇਹੀ ਹੈ ਮੇਰੀ) ਜ਼ਿੰਦਗੀ ਦਾ ਸਰਮਾਇਆ ॥੨॥੫॥੯॥
ਹੇ ਨਾਮ-ਜਲ ਨਾਲ ਭਰਪੂਰ ਗੁਰੂ! ਹੇ ਸੁਖ ਦੇਣ ਵਾਲੇ ਗੁਰੂ! (ਨਾਮ ਦੀ) ਵਰਖਾ ਕਰਦਾ ਰਹੁ।
(ਤੇਰੀ ਮਿਹਰ ਨਾਲ) ਪ੍ਰਭੂ-ਪਾਤਿਸ਼ਾਹ ਦਾ ਨਾਮ ਸਿਮਰਦਿਆਂ ਮੈਂ ਆਤਮਕ ਆਨੰਦ ਹਾਸਲ ਕਰ ਲਿਆ ਹੈ, ਹੁਣ ਪ੍ਰੀਤਮ-ਪ੍ਰਭੂ ਨਾਲ ਮੇਰਾ ਪਿਆਰ ਬਣ ਗਿਆ ਹੈ ॥੧॥ ਰਹਾਉ ॥
ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਦੁਨੀਆ ਦੇ) ਨੌ ਹੀ ਖ਼ਜ਼ਾਨੇ ਹੈ। ਹੁਣ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਇਕ ਪਲ ਵਾਸਤੇ ਭੀ ਨਹੀਂ ਭੁੱਲਦਾ।
ਜਦੋਂ ਤੋਂ ਸਹਾਇਤਾ ਕਰਨ ਵਾਲਾ ਗੁਰੂ-ਸੰਤ (ਮੈਨੂੰ) ਮਿਲਿਆ ਹੈ, (ਮੇਰੇ ਅੰਦਰ ਪ੍ਰਭੂ ਦੀ) ਰਜ਼ਾ ਦਾ ਪੂਰਨ ਪਰਕਾਸ਼ ਹੋ ਗਿਆ ਹੈ ॥੧॥
(ਗੁਰੂ ਦੇ ਉਪਦੇਸ਼-ਮੀਂਹ ਦੀ ਬਰਕਤਿ ਨਾਲ) ਮੈਂ ਪਰਮਾਤਮਾ ਵਿਚ ਸੁਰਤ ਜੋੜ ਲਈ ਹੈ, ਮੇਰੇ ਅੰਦਰ ਸੁਖ ਪੈਦਾ ਹੋ ਗਏ ਹਨ, ਤੇ, ਸਾਰੇ ਦੁੱਖ ਨਾਸ ਹੋ ਗਏ ਹਨ।
ਹੇ ਨਾਨਕ! ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ਜਿਸ ਨੂੰ ਤਰਨਾ ਔਖਾ ਹੈ, ਤੇ, ਜੋ ਅਨੇਕਾਂ ਡਰਾਂ ਨਾਲ ਭਰਿਆ ਹੋਇਆ ਹੈ ॥੨॥੬॥੧੦॥
(ਉਂਞ ਤਾਂ) ਨਾਮ-ਜਲ ਨਾਲ ਭਰਪੂਰ ਸਤਿਗੁਰੂ (ਨਾਮ ਦੀ) ਵਰਖਾ ਕਰ ਕੇ ਸਾਰੇ ਜਗਤ ਉੱਤੇ ਪ੍ਰਭਾਵ ਪਾ ਰਿਹਾ ਹੈ।
(ਪਰ ਜਿਸ ਮਨੁੱਖ ਉੱਤੇ) ਮੇਰੇ ਪ੍ਰੀਤਮ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ (ਉਸ ਨਾਮ-ਵਰਖਾ ਵਿਚੋਂ) ਆਨੰਦ ਖ਼ੁਸ਼ੀਆਂ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧॥ ਰਹਾਉ ॥
ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਦਾ ਹੈ, ਉਸ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ; ਉਸ ਦੀ ਮਾਇਆ ਦੀ ਪਿਆਸ ਬੁੱਝ ਜਾਂਦੀ ਹੈ,
ਗੁਰੂ ਦੀ ਸੰਗਤ ਵਿਚ ਰਹਿ ਕੇ ਉਸ ਦੇ ਜਨਮ ਮਰਨ ਦੇ ਗੇੜ ਦੂਰ ਹੋ ਜਾਂਦੇ ਹਨ, ਉਹ ਮੁੜ ਕਿਸੇ ਭੀ ਹੋਰ ਪਾਸੇ ਵਲ ਨਹੀਂ ਭਟਕਦਾ ॥੧॥
ਉਸ ਦਾ ਮਨ ਉਸ ਦਾ ਤਨ ਨਿਰਲੇਪ ਪ੍ਰਭੂ ਦੇ ਨਾਮ (-ਰੰਗ ਵਿਚ) ਰੰਗਿਆ ਗਿਆ, ਉਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜ ਲਈ,
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੇ ਦਾਸਾਂ ਦੀ ਸਰਨ ਆ ਪਿਆ, ਪ੍ਰਭੂ ਨੇ ਉਸ ਦੀ ਸਹਾਇਤਾ ਕੀਤੀ ॥੨॥੭॥੧੧॥
ਉਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਨਹੀਂ ਜੀਊ ਸਕਦੇ,
(ਜਿਨ੍ਹਾਂ ਮਨੁੱਖਾਂ ਦੇ) ਚਿੱਤ ਵਿਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਸ ਦੇ ਸੋਹਣੇ ਚਰਨ-ਕਮਲਾਂ ਦਾ ਰਸ ਪੀਣ ਦੀ ਆਸ ਹੈ ਤੇ ਤਾਂਘ ਹੈ ॥੧॥ ਰਹਾਉ ॥
ਹੇ ਪ੍ਰੀਤਮ ਪ੍ਰਭੂ! ਜਿਨ੍ਹਾਂ ਮਨੁੱਖਾਂ ਦੇ ਅੰਦਰ ਤੇਰੇ ਦਰਸਨ ਦੀ ਤਾਂਘ ਹੈ, ਉਹਨਾਂ ਦੀ ਤੇਰੇ ਨਾਲੋਂ ਕੋਈ ਵਿੱਥ ਨਹੀਂ ਹੁੰਦੀ।
ਪਰ, ਜਿਨ੍ਹਾਂ ਮਨੁੱਖਾਂ ਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਉਹ ਆਤਮਕ ਮੌਤੇ ਹੀ ਮਰ ਜਾਂਦੇ ਹਨ ॥੧॥