ਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ,
ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ।
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ॥੧॥
(ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ),
ਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ।
ਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ ॥੨॥
(ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ,
ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ।
ਸੋ, ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ॥੩॥
(ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ,
ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ।
ਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ ॥੪॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ,
(ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੫॥
ਪਰ, ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ।
ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।
ਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ ॥੬॥
ਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
ਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ।
(ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੭॥
ਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ,
ਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।
ਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ ॥੮॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ,
ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ।
ਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ ॥੯॥
ਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ,
(ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ।
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧੦॥
(ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ।
ਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ,
ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ ॥੧੧॥
(ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ।
ਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੨॥
ਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ।
ਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ ॥੧੩॥
ਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ।
ਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ।
ਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ ॥੧੪॥
ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ,
(ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੫॥