ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ।
ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖ।
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।
ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥
ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ॥੩॥
ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ)।
(ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ॥੪॥
ਇਹ ਜਗਤ ਨਾਸਵੰਤ ਖੇਡ (ਹੀ) ਹੈ। (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ।
ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ॥੫॥
ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ।
(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੬॥
(ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ।
ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ॥੭॥
(ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
ਹੇ ਨਾਨਕ! (ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ॥੮॥੧॥
ਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ੍ਰਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ)।
ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
(ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੧॥
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ।
(ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ॥੧॥ ਰਹਾਉ ॥
ਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ।
(ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ।
ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ॥੨॥
ਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ।
(ਪ੍ਰਭੂ) 'ਅਸਚਰਜ ਹੈ ਅਸਚਰਜ ਹੈ'-ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ ॥੩॥
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ। ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ;
(ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
(ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ, ਨਾਹ ਸੁੱਕਦੀ ਹੈ ਨਾਹ ਕੁਮਲਾਂਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ; ਉਸ ਦੀ ਜਿੰਦ) ਪਰਮਾਤਮਾ ਦੇ ਨਾਮ (-ਜਲ) ਦੀ ਬਰਕਤਿ ਨਾਲ ਸਦਾ ਹਰੀ-ਭਰੀ (ਆਤਮਕ ਜੀਵਨ ਵਾਲੀ) ਰਹਿੰਦੀ ਹੈ, ਨਾਹ ਕਦੇ ਸੁੱਕਦੀ ਹੈ (ਨਾਹ ਕਦੇ ਆਤਮਕ ਮੌਤ ਸਹੇੜਦੀ ਹੈ) ਨਾਹ ਕਦੇ ਕੁਮਲਾਂਦੀ ਹੈ (ਨਾਹ ਕਦੇ ਡੋਲਦੀ ਹੈ) ॥੪॥