(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।
ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ।
ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ)।
ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।
ਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।
ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ) ॥੧੨॥
(ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ।
ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ।
ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ।
ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ।
ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ।
ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।
ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ।
ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।
ਹੇ ਨਾਨਕ! (ਆਖ-) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ॥੧੩॥
ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।
ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ।
ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।
ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।
ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।
ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।
ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)।
ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।
ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,
(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।
ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ।
ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।
(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।
ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ।
ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?
(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ।
ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ।