ਗੁਰੂ ਦੀ ਦਿੱਤੀ ਹੋਈ ਮਤਿ ਮੇਰੇ ਚਿੱਤ ਵਿਚ ਕਾਰੀ ਆ ਗਈ ਹੈ (ਲਾਭਵੰਦੀ ਹੋ ਗਈ ਹੈ) ॥੧॥
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ (ਸਿਮਰਨ ਵਿਚ) ਇਸ ਤਰ੍ਹਾਂ ਗਿੱਝ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾ ਰਹਿ ਹੀ ਨਹੀਂ ਸਕਦਾ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਹ (ਆਤਮਕ) ਸੁਰਮਾ ਲੱਭ ਲਿਆ ਹੈ, ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਦੇਂਦਾ ਹੈ ॥੧॥ ਰਹਾਉ ॥
(ਹੁਣ ਮੇਰਾ ਮਨ) ਮੰਨ ਗਿਆ ਹੈ ਕਿ ਇੱਕ (ਆਤਮਕ) ਸੁਖ (ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ ਅਤੇ ਇਸ ਸੁੱਖ ਨੇ) ਮੈਨੂੰ ਸਹਜ ਅਵਸਥਾ ਵਿਚ ਮਿਲਾ ਦਿੱਤਾ ਹੈ।
(ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ) ਪਵਿਤ੍ਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ।
(ਸਿਮਰਨ ਦੀ ਬਰਕਤਿ ਨਾਲ ਨਾਮ ਵਿਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ ਪੱਕੇ ਰੰਗ ਵਾਲਾ) ਲਾਲ ਹੋ ਗਿਆ ਹੈ। ਮਾਇਆ ਦਾ ਰੰਗ ਮੈਨੂੰ ਕਸੁੰਭੇ ਦੇ ਰੰਗ ਵਰਗਾ ਕੱਚਾ, ਸੂਹਾ ਦਿੱਸ ਪਿਆ ਹੈ।
(ਮੇਰਾ ਉਤੇ ਪਰਮਾਤਮਾ ਦੀ ਮਿਹਰ ਦੀ) ਨਜ਼ਰ ਹੋਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਉਤੇ ਅਸਰ ਕਰਨੋਂ) ਰੋਕ ਲਿਆ ਹੈ ॥੨॥
(ਮੇਰੀ ਸੁਰਤ ਮਾਇਆ ਦੇ ਮੋਹ ਵਲੋਂ) ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ (ਮੇਰਾ ਮਨ ਮਾਇਆ ਵਲੋਂ) ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ।
ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ, ਮੇਰਾ ਮਨ ਪਰਮਾਤਮਾ ਨਾਲ ਪ੍ਰੀਤ ਪਾ ਚੁਕਾ ਹੈ।
(ਆਤਮਕ) ਆਨੰਦ (ਆਪਣੇ ਅੰਦਰ) ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਦੂਰ ਕਰ ਕੇ (ਸਦਾ ਲਈ) ਤਿਆਗ ਦਿੱਤਾ ਹੈ।
ਪਰਮਾਤਮਾ ਦੇ ਪ੍ਰੇਮ ਵਿਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ॥੩॥
(ਸਿਮਰਨ ਦੀ ਬਰਕਤਿ ਕਰਕੇ ਮੇਰੇ ਅੰਦਰੋਂ ਮਾਇਕ ਪਦਾਰਥਾਂ ਦੇ) ਚਸਕੇ ਦੂਰ ਹੋ ਗਏ ਹਨ, (ਮਨ ਵਿਚ ਨਿੱਤ ਹੋ ਰਿਹਾ ਮਾਇਆ ਵਾਲਾ) ਝਗੜਾ ਮਿਟ ਗਿਆ ਹੈ, ਅਹੰਕਾਰ ਰਹਿ ਗਿਆ ਹੈ।
ਮੇਰਾ ਚਿੱਤ ਹੁਣ ਪਰਮਾਤਮਾ (ਦੇ ਨਾਮ) ਨਾਲ ਰੰਗਿਆ ਗਿਆ ਹੈ, ਮੈਂ ਹੁਣ ਉਸ ਬੇਅੰਤ ਪ੍ਰਭੂ ਦੀ ਰਜ਼ਾ ਵਿਚ ਟਿਕ ਗਿਆ ਹਾਂ।
ਜਾਤਿ-ਵਰਨ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਜਾਣ ਵਾਲੇ ਧਰਮ-ਕਰਮ ਬੱਸ ਹੋ ਗਏ ਹਨ।
(ਮੇਰੇ ਉਤੇ ਪ੍ਰਭੂ ਦੀ) ਮਿਹਰ ਦੀ ਨਿਗਾਹ ਹੋਈ ਹੈ, ਮੈਨੂੰ ਆਤਮਕ ਸੁਖ ਮਿਲ ਗਿਆ ਹੈ ॥੪॥
(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ, ਹੇ ਪ੍ਰਭੂ!) ਮੈਨੂੰ ਤੈਥੋਂ ਬਿਨਾ ਕੋਈ ਹੋਰ (ਪੱਕਾ) ਮਿੱਤਰ ਨਹੀਂ ਦਿੱਸਦਾ।
ਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਿਮਰਦਾ, ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਂਟ ਕਰਦਾ।
ਮੈਂ ਕਿਸੇ ਹੋਰ ਤੋਂ ਸਾਲਾਹ ਨਹੀਂ ਪੁੱਛਦਾ। ਮੈਂ ਕਿਸੇ ਹੋਰ ਦੇ ਪੈਰੀਂ ਨਹੀਂ ਲਗਦਾ ਫਿਰਦਾ।
ਮੈਂ ਕਿਸੇ ਹੋਰ ਦੇ ਉਪਦੇਸ਼ ਵਿਚ ਸੁਰਤ ਨਹੀਂ ਜੋੜਦਾ ਫਿਰਦਾ ॥੫॥
(ਗੁਰੂ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ, ਇਸ ਵਾਸਤੇ) ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ, ਗੁਰੂ ਦੀ ਹੀ ਚਰਨੀਂ ਲੱਗਦਾ ਹਾਂ।
(ਗੁਰੂ ਦੀ ਸਹਾਇਤਾ ਨਾਲ ਹੀ, ਹੇ ਭਾਈ!) ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ, ਹਰੀ ਦੇ ਨਾਮ ਵਿਚ ਟਿਕਦਾ ਹਾਂ।
ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ।
ਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ ॥੬॥
(ਸਿਮਰਨ ਦੀ ਬਰਕਤਿ ਨਾਲ) ਅਹੰਕਾਰ ਦੂਰ ਹੋ ਗਿਆ ਹੈ, ਆਤਮਕ ਆਨੰਦ ਵਿਚ ਮੇਰੀ ਸੁਰਤ ਟਿਕ ਗਈ ਹੈ।
ਮੇਰੇ ਆਤਮਕ ਚਾਨਣ ਹੋ ਗਿਆ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਗਈ ਹੈ।
(ਮੇਰੇ ਹਿਰਦੇ ਵਿਚ) ਉੱਕਰਿਆ ਹੋਇਆ ਗੁਰ-ਸ਼ਬਦ (ਰੂਪ) ਲੇਖ ਹੁਣ ਅਜਿਹਾ ਪਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ।
ਮੈਂ ਕਰਤੇ ਤੇ (ਕਰਤੇ ਦੀ) ਰਚਨਾ ਨੂੰ ਕਰਤਾਰ-ਰੂਪ ਹੀ ਜਾਣ ਲਿਆ ਹੈ, (ਮੈਂ ਕਰਤਾਰ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰਾ ਜਾਣ ਲਿਆ ਹੈ) ॥੭॥
ਮੈਂ ਕੋਈ ਪੰਡਿਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ, (ਭਾਵ, ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ)
ਤਾਹੀਏਂ ਮੈਂ (ਰਸਤੇ ਤੋਂ) ਖੁੰਝਿਆ ਨਹੀਂ, ਭਟਕਣਾ ਵਿਚ ਪੈ ਕੇ ਕੁਰਾਹੇ ਨਹੀਂ ਪਿਆ।
ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ।
ਹੇ ਨਾਨਕ! (ਆਖ-) ਮੈਂ ਤਾਂ ਸਤਿਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ (ਭਾਵ, ਮੈਂ ਇਹ ਸਮਝਿਆ ਹੈ ਕਿ ਪ੍ਰਭੂ ਦੇ ਹੁਕਮ ਵਿਚ ਤੁਰਨਾ ਹੀ ਸਹੀ ਰਸਤਾ ਹੈ, ਤੇ ਮੈਂ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੮॥੧॥
(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ।
(ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ,
(ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ ॥੧॥
ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ।
ਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ (ਭਾਵ, ਉਹੀ ਮਨ ਆਦਰ-ਸਤਕਾਰ ਦਾ ਹੱਕਦਾਰ ਹੁੰਦਾ ਹੈ, ਜੇਹੜਾ ਵੱਸ ਵਿਚ ਆ ਜਾਂਦਾ ਹੈ) ॥੧॥ ਰਹਾਉ ॥
(ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮ੍ਰਿਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ-) ਚੋਰ (ਉਸ ਅੰਮ੍ਰਿਤ ਨੂੰ) ਚੁਰਾਈ ਜਾਂਦਾ ਹੈ।
(ਇਹ ਮਨ ਏਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾਂਹ-ਨੁੱਕਰ ਨਹੀਂ ਕਰ ਸਕਦਾ।
ਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮ੍ਰਿਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ ॥੨॥
(ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ।
ਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ।
(ਪਰ ਜਿਸ ਨੇ ਭੀ ਨਾਮ-ਜਲ ਲਿਆ ਹੈ) ਆਪਣਾ ਮਨ (ਵੱਟੇ ਵਿਚ) ਦੇ ਕੇ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਹੈ ॥੩॥
(ਜੇ ਮਨ-ਹਾਥੀ ਦੇ ਸਿਰ ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗ੍ਰਿਹਸਤ ਵਿਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿਚ ਰਹਿੰਦਿਆਂ) ਹੁੰਦਾ ਹੈ।
ਪਹਾੜ ਦੀ ਗੁਫ਼ਾ ਵਿਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ? (ਗੁਫ਼ਾ ਵਿਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ)।
ਸਮੁੰਦਰ ਵਿਚ ਵੜੇ (ਤੀਰਥਾਂ ਵਿਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ ॥੪॥
ਪਰ ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ।
ਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ।
(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ ॥੫॥
ਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ)।
ਜਿਸ ਨੇ (ਗੁਰੂ-ਅੰਕੁਸ ਦੇ ਅਧੀਨ ਰਹਿ ਕੇ ਇਹ ਭੇਤ) ਸਮਝ ਲਿਆ, ਉਸ ਨੇ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ (ਉਸ ਤਿੰਨਾਂ ਭਵਨਾਂ ਵਿਚ ਵੱਸਦੇ ਨੂੰ) ਪਛਾਣ ਭੀ ਲਿਆ।
(ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ 'ਮੇਰਾ, ਮੇਰਾ' ਆਖਣ ਵਾਲਾ ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ ॥੬॥
ਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ,
ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ।
(ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ-ਥਾਂ ਬਣ ਗਿਆ), ਉਸ ਆਪਣੇ ਘਰ ਵਿਚ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ ॥੭॥
ਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।