ਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟਹਲ ਕੀਤੀ ਜਾਂਦੀ ਹੈ।
ਹੇ ਨਾਨਕ! ਇਹ (ਉਪਰ ਦੱਸੀ) ਜੀਵਨ-ਜੁਗਤਿ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ॥੧੦॥
ਸਲੋਕੁ
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਸਿਫ਼ਤ-ਸਾਲਾਹ ਵਿਚ ਹੀ ਆਤਮਕ ਆਨੰਦ ਹੈ ਪਰ) ਇਸ ਆਤਮਕ ਅਨੰਦ ਨੂੰ ਕੋਈ ਵਿਰਲਾ ਮਨੁੱਖ ਮਾਣਦਾ ਹੈ।
(ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਆਤਮਕ ਆਨੰਦ ਤਾਂ ਮਿਲਦਾ ਹੈ; ਪਰ) ਗੁਣਾਂ (ਦੇ ਬਿਆਨ ਕਰਨ) ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾ ਸਕਦਾ (ਕਿਉਂਕਿ) ਹੇ ਨਾਨਕ! ਉਹ ਤਾਂ ਸਾਰਾ ਅਸਚਰਜ ਰੂਪ ਹੈ ॥੧੧॥
ਪਉੜੀ
(ਹੇ ਭਾਈ!) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ,
ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ-ਇਹੀ ਹੈ ਇਕਾਦਸ਼ੀ (ਦਾ ਵਰਤ)।
(ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ,
ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ)।
(ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ,
ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ।
ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ,
ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥
ਸਲੋਕੁ
ਜੇਹੜੇ ਵਡ-ਭਾਗੀ ਮਨੁੱਖ ਦਇਆ-ਦੇ-ਘਰ ਗੁਰੂ ਨੂੰ ਮਿਲ ਪਏ ਤੇ ਜਿਨ੍ਹਾਂ ਨੇ ਗੁਰੂ ਦੀ ਦੱਸੀ ਸੇਵਾ ਕੀਤੀ, ਉਹਨਾਂ ਨੇ (ਆਪਣੇ ਅੰਦਰੋਂ) ਖੋਟੀ ਮਤਿ ਦੂਰ ਕਰ ਲਈ।
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧੨॥
ਪਉੜੀ
(ਹੇ ਭਾਈ! ਖ਼ਲਕਤਿ ਦੀ) ਸੇਵਾ ਕਰੋ, ਪਰਮਾਤਮਾ ਦਾ ਨਾਮ ਜਪੋ, ਤੇ, ਜੀਵਨ ਪਵਿਤ੍ਰ ਰੱਖੋ।
(ਮਨ ਵਿਚੋਂ) ਅਹੰਕਾਰ ਛੱਡ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।
ਸਾਧ ਸੰਗਤਿ ਵਿਚ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਰਸ ਪੀਂਦੇ ਰਹੋ।
ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ ਵਿਕਾਰਾਂ ਵਲੋਂ) ਰੱਜਿਆ ਰਹਿੰਦਾ ਹੈ।
(ਸਿਫ਼ਤ-ਸਾਲਾਹ ਦੀ) ਮਿੱਠੀ ਬਾਣੀ ਹਰੇਕ (ਇੰਦ੍ਰੇ) ਨੂੰ ਆਤਮਕ ਆਨੰਦ ਦੇਂਦੀ ਹੈ,
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਪੰਜ ਤੱਤਾਂ ਦੇ ਸਤੋ ਅੰਸ ਦੀ ਘਾੜਤ ਵਿਚ ਘੜਿਆ ਜਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਪ੍ਰਫੁੱਲਤ ਹੁੰਦਾ ਹੈ।
ਪੂਰੇ ਗੁਰੂ ਪਾਸੋਂ ਇਹ ਦਾਤ ਯਕੀਨੀ ਤੌਰ ਤੇ ਮਿਲ ਜਾਂਦੀ ਹੈ।
ਤੇ, ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਫਿਰ ਜੂਨਾਂ ਵਿਚ ਨਹੀਂ ਆਵੀਦਾ ॥੧੨॥
ਸਲੋਕੁ
ਜਗਤ ਮਾਇਆ ਦੇ ਤਿੰਨ ਗੁਣਾਂ ਦੇ ਦਬਾਉ ਹੇਠ ਆਇਆ ਰਹਿੰਦਾ ਹੈ (ਇਸ ਵਾਸਤੇ ਕਦੇ ਭੀ ਇਸ ਦੀਆਂ) ਵਾਸਨਾ ਪੂਰੀਆਂ ਨਹੀਂ ਹੁੰਦੀਆਂ।
ਹੇ ਨਾਨਕ! ਉਹ ਮਨੁੱਖ (ਇਸ ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰਦਾ ਹੈ ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖਾਂ ਨੂੰ ਵਿਕਾਰਾਂ ਵਿਚੋਂ ਬਚਾਣ ਦੀ ਸਮਰੱਥਾ ਵਾਲਾ ਹੈ ॥੧੩॥
ਪਉੜੀ
(ਹੇ ਭਾਈ!) ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚੰਬੜੇ ਰਹਿੰਦੇ ਹਨ,
(ਜਿਸ ਕਰਕੇ ਇਹ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਦੁੱਖਾਂ ਵਿਚ ਹੀ ਜੰਮਦਾ ਰਹਿੰਦਾ ਹੈ।
(ਤਿੰਨ ਤਾਪਾਂ ਦੇ ਕਾਰਨ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਭਜਨ ਨਹੀਂ ਟਿਕਦਾ,
ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਭੀ ਮਨੁੱਖ ਸੁਖਾਂ-ਦੇ-ਸਮੁੰਦਰ ਪ੍ਰਭੂ ਦੀ ਸਿਫ਼ਿਤ-ਸਾਲਾਹ ਨਹੀਂ ਕਰਦਾ।
ਮਨੁੱਖ ਆਪਣੇ ਆਪ ਨੂੰ ਖ਼ੁਸ਼ੀ ਗ਼ਮੀ ਦਾ ਪਿੰਡ ਬਣਾ ਕੇ ਵਸਾਈ ਬੈਠਾ ਹੈ,
ਇਸ ਨੂੰ ਮਾਇਆ (ਦੇ ਮੋਹ) ਦਾ ਅਜੇਹਾ ਲੰਮਾ ਰੋਗ ਚੰਬੜਿਆ ਹੋਇਆ ਹੈ ਜੋ ਕਾਬੂ ਵਿਚ ਨਹੀਂ ਆ ਸਕਦਾ।
(ਤਿੰਨਾਂ ਤਾਪਾਂ ਦੇ ਅਸਰ ਹੇਠ ਮਨੁੱਖ) ਸਾਰਾ ਦਿਨ ਵਿਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ,
(ਰਾਤ ਨੂੰ ਜਦੋਂ) ਅੱਖਾਂ ਵਿਚ ਨੀਂਦ (ਆਉਂਦੀ ਹੈ, ਤਦੋਂ) ਸੁਪਨਿਆਂ ਵਿਚ ਭੀ (ਦਿਨ ਵੇਲੇ ਦੀ ਦੌੜ-ਭੱਜ ਦੀਆਂ) ਗੱਲਾਂ ਕਰਦਾ ਹੈ।
ਪਰਮਾਤਮਾ ਨੂੰ ਭੁਲਾ ਦੇਣ ਦੇ ਕਾਰਨ ਮਨੁੱਖ ਦਾ ਇਹ ਹਾਲ ਹੁੰਦਾ ਹੈ।
ਹੇ ਨਾਨਕ! (ਆਖ-ਜੇ ਇਸ ਦੁਖਦਾਈ ਹਾਲਤ ਤੋਂ ਬਚਣਾ ਹੈ, ਤਾਂ) ਦਇਆ ਦੇ ਸੋਮੇ ਅਕਾਲ ਪੁਰਖ ਪ੍ਰਭੂ ਦੀ ਸਰਨ ਪਉ ॥੧੩॥
ਸਲੋਕੁ
ਚਾਰ ਪਾਸੇ ਤੇ ਚੌਦਾਂ ਲੋਕ-ਸਭਨਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ।
ਹੇ ਨਾਨਕ! (ਉਸ ਪਰਮਾਤਮਾ ਦੇ ਭੰਡਾਰਿਆਂ ਵਿਚ) ਕੋਈ ਕਮੀ ਨਹੀਂ ਵੇਖੀ ਜਾਂਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ॥੧੪॥
ਪਉੜੀ
ਚੌਂਹੀਂ ਪਾਸੀਂ ਪਰਮਾਤਮਾ ਆਪ ਵੱਸ ਰਿਹਾ ਹੈ,
ਸਾਰੇ ਭਵਨਾਂ ਵਿਚ ਉਸ ਦਾ ਤੇਜ-ਪਰਤਾਪ ਚਮਕਦਾ ਹੈ।
ਸਿਰਫ਼ ਇਕ ਪ੍ਰਭੂ ਹੀ ਦਸੀਂ ਪਾਸੀਂ ਵੱਸਦਾ ਹੈ।
(ਹੇ ਭਾਈ!) ਧਰਤੀ ਆਕਾਸ਼ ਸਭ ਵਿਚ ਵੱਸਦਾ ਪਰਮਾਤਮਾ ਵੇਖੋ।
ਪਾਣੀ, ਧਰਤੀ, ਜੰਗਲ, ਪਹਾੜ, ਪਾਤਾਲ-
ਇਹਨਾਂ ਸਭਨਾਂ ਵਿਚ ਹੀ ਦਇਆ-ਦੇ-ਘਰ ਪ੍ਰਭੂ ਜੀ ਵੱਸ ਰਹੇ ਹਨ।
ਅਣਦਿੱਸਦੇ ਤੇ ਦਿੱਸਦੇ ਸਾਰੇ ਹੀ ਜਗਤ ਵਿਚ ਭਗਵਾਨ ਮੌਜੂਦ ਹੈ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਨੂੰ (ਸਭ ਥਾਂ ਵੱਸਦਾ) ਪਛਾਣ ਲੈਂਦਾ ਹੈ ॥੧੪॥
ਸਲੋਕੁ
ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਆਪਣੇ ਆਪ ਨੂੰ (ਆਪਣੇ ਮਨ ਨੂੰ) ਵੱਸ ਵਿਚ ਕੀਤਾ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ,
ਗੁਰੂ ਦੀ ਕਿਰਪਾ ਨਾਲ ਉਸ ਦੇ ਸਾਰੇ ਡਰ ਦੂਰ ਹੋ ਗਏ ਅਤੇ ਹੇ ਨਾਨਕ! ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਨਾਸ ਹੋ ਗਿਆ ॥੧੫॥
ਪਉੜੀ
(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖ਼ਸ਼ਿਆ ਉਸ ਦਾ ਆਤਮਾ ਸੁੱਖੀ ਹੋ ਗਿਆ,