ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 446


ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥

(ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼ ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ।

ਗੁਰਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ਉਹ ਹਰਿ-ਨਾਮ ਦਵਾਈ ਹਾਸਲ ਕਰ ਲੈਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪਰਮਾਤਮਾ (ਉਸ ਦੇ ਅੰਦਰ) ਸ਼ਾਂਤੀ ਪੈਦਾ ਕਰ ਦੇਂਦਾ ਹੈ।

ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥

(ਉਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਮਨੁੱਖਾ ਜਨਮ ਦੀ) ਰੁੱਤ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਸਤੇ ਮਿਲੀ ਹੈ, ਪਰਮਾਤਮਾ ਦਾ ਨਾਮ ਹੀ (ਲੋਕ-ਪਰਲੋਕ ਵਿਚ) ਆਦਰ-ਮਾਣ ਦੇਂਦਾ ਹੈ (ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦੇ ਨਾਮ (ਦਾ) ਫਸਲ ਬੀਜਦਾ ਹੈ।

ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥

ਪਰ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਛੱਡ ਕੇ (ਕਰਮ ਕਾਂਡ ਆਦਿਕ ਕੋਈ ਹੋਰ) ਬੀਜ ਬੀਜਦਾ ਹੈ ਉਹ (ਮਾਨੋ) ਕਲਿਜੁਗ (ਦੇ ਪ੍ਰਭਾਵ) ਵਿਚ ਹੈ ਉਹ ਸਰਮਾਇਆ ਭੀ ਗਵਾ ਲੈਂਦਾ ਹੈ ਤੇ ਲਾਭ ਭੀ ਕੋਈ ਨਹੀਂ ਖੱਟਦਾ।

ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥

(ਪਰਮਾਤਮਾ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪੂਰਾ ਗੁਰੂ ਲੱਭ ਲਿਆ ਹੈ, ਗੁਰੂ ਨੇ (ਨਾਨਕ ਦੇ) ਮਨ ਵਿਚ ਹਿਰਦੇ ਵਿਚ ਪ੍ਰਭੂ ਨਾਮ ਪਟਗਟ ਕਰ ਦਿੱਤਾ ਹੈ।

ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥

(ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼-ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ ਹੈ ॥੪॥੪॥੧੧॥

ਆਸਾ ਮਹਲਾ ੪ ॥

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥

ਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗ ਗਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ।

ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥

ਜਿਸ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ।

ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥

ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ, ਹਰਿ-ਨਾਮ ਵਿਚ ਜੁੜ ਕੇ ਉਸ ਨੇ ਖਸਮ-ਪ੍ਰਭੂ ਨੂੰ ਲੱਭ ਲਿਆ, ਉਹ ਸਦਾ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ।

ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥

ਉਸ ਦੇ ਮੱਥੇ ਉਤੇ ਪ੍ਰਭੂ-ਚਰਨਾਂ ਦੀ ਪ੍ਰੀਤ ਦੀ ਮਣੀ ਚਮਕ ਉਠਦੀ ਹੈ।

ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥

ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ।

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥

ਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਣ ਲੱਗ ਪਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ॥੧॥

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥

ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ।

ਤਿਨੑ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ।

ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥

ਜਿਨ੍ਹਾਂ ਨੂੰ ਪਰਮਾਤਮਾ ਪਿਆਰਾ ਲੱਗਾ, ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ, ਉਹਨਾਂ ਦੇ ਮੂੰਹ ਉਤੇ ਚੰਗੇ ਭਾਗਾਂ ਦੀ ਸੁੰਦਰ ਮਣੀ ਚਮਕ ਪਈ।

ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥

ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਦਾ ਹੈ ਆਪਣੇ ਗਲ ਵਿਚ ਪਾਂਦਾ ਹੈ,

ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥

ਉਹ ਸਾਰੀ ਲੁਕਾਈ ਨੂੰ ਇਕ (ਪਿਆਰ-) ਨਿਗਾਹ ਨਾਲ ਇਕੋ ਜਿਹਾ ਸਮਝ ਕੇ ਵੇਖਦਾ ਹੈ, ਉਹ ਹਰ ਥਾਂ ਸਰਬ-ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣਦਾ ਹੈ।

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥

ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ॥੨॥

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥

ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ।

ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥

ਉਹ ਮਨੁੱਖ ਜਿਉਂ ਜਿਉਂ ਪਰਮਾਤਮਾ ਦਾ ਨਾਮ ਆਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਹਿਰਦਾ) ਖਿੜ ਆਉਂਦਾ ਹੈ ਉਸ ਨੂੰ ਕਿਤੇ ਭੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।

ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥

ਉਸ ਨੂੰ ਕਿਤੇ ਭੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਰਹਿੰਦਾ ਹੈ। ਜੇਹੜਾ ਮਨੁੱਖ ਇਹ ਨਾਮ-ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸ਼ਾ ਨੂੰ ਜਾਣਦਾ ਹੈ।

ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥

ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀਂ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤਿ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਂਦਾ ਹੈ।

ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥

ਉਹ ਮਨੁੱਖ ਸਦਾ ਹਰਿ-ਨਾਮ ਹੀ ਸਿਮਰਦਾ ਹੈ ਹਰਿ-ਨਾਮ ਹੀ ਆਰਾਧਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ।

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥

ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ-ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ ॥੩॥

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥

ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ।

ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥

ਹੇ ਹਰੀ! ਅਸੀਂ (ਮਾਇਆ ਦੇ) ਮੋਹ ਦੇ ਚਿੱਕੜ ਵਿਚ ਫਸੇ ਹੋਏ ਹਾਂ, ਆਤਮਕ ਜੀਵਨ ਵਲੋਂ ਅਸੀਂ ਡਿੱਗਦੇ ਜਾ ਰਹੇ ਹਾਂ, ਹੇ ਪ੍ਰਭੂ! ਸਾਨੂੰ ਆਪਣੀ ਬਾਂਹ ਫੜਾ।

ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥

(ਜਿਸ ਮਨੁੱਖ ਨੂੰ) ਪ੍ਰਭੂ ਨੇ ਆਪਣੀ ਬਾਂਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤਿ ਪ੍ਰਾਪਤ ਕਰ ਲਈ, ਉਹ ਮਨੁੱਖ ਗੁਰੂ ਦੀ ਸਰਨ ਜਾ ਪਿਆ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430