ਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੯॥੧੯॥
(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ।
ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ।
ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ।
ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥
(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।
ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥
(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!
ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ।
(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,
ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥
ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-
ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ।
(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ।)
(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥
(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,
(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?
(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ।
(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥
ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ।
(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ।
ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,
ਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥
ਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ।
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥
ਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ।
(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ।
ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥
ਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ।
ਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥
ਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ।
ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥
(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ।
(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥
ਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ)।