ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1170


ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥

ਗੁਰੂ ਨੇ ਉਹ ਪ੍ਰਕਾਸ਼-ਰੂਪ ਪ੍ਰਭੂ ਜਿਸ ਸਹੇਲੀ ਨੂੰ ਅੰਗ-ਸੰਗ ਵਿਖਾ ਦਿੱਤਾ ਹੈ, (ਉਸੇ ਨੂੰ ਉਹ ਮਿਲਿਆ ਹੈ) ॥੧॥

ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥

ਹੇ ਮੇਰੀ ਸਖੀ ਸਹੇਲੀਹੋ! ਰਲ ਕੇ ਬੈਠੋ (ਤੇ ਪ੍ਰਭੂ-ਪਤੀ ਦੇ ਗੁਣ ਗਾਵੋ) ਪ੍ਰਭੂ ਦੇ ਗੁਣ ਗਾਵਣੇ ਹੀ (ਮਨੁੱਖਾ ਜਨਮ ਵਿਚ) ਫਬਦੇ ਹਨ।

ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥

ਖਸਮ-ਪ੍ਰਭੂ ਦੀਆਂ ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਪਰਮਾਤਮਾ ਦੇ ਨਾਲ ਖੇਡਦੀਆਂ ਹਨ, ਗੁਰੂ ਦੀ ਰਾਹੀਂ ਪ੍ਰਭੂ ਦੀ ਭਾਲ ਕਰਦਿਆਂ ਉਹਨਾਂ ਦੇ ਮਨ (ਪ੍ਰਭੂ ਦੀ ਯਾਦ ਵਿਚ) ਪਤੀਜ ਜਾਂਦੇ ਹਨ ॥੧॥ ਰਹਾਉ ॥

ਮਨਮੁਖੀ ਦੁਹਾਗਣਿ ਨਾਹਿ ਭੇਉ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਭਾਗ-ਹੀਣ ਜੀਵ-ਇਸਤ੍ਰੀਆਂ ਨੂੰ ਇਹ ਗੁੱਝੀ ਗੱਲ ਸਮਝ ਨਹੀਂ ਆਉਂਦੀ,

ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥

ਕਿ ਉਹ ਸਭ ਦਾ ਪਿਆਰਾ ਪ੍ਰਭੂ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ।

ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥

ਗੁਰੂ ਦੇ ਦੱਸੇ ਰਸਤੇ ਤੁਰਨ ਵਾਲੀ ਜੀਵ-ਇਸਤ੍ਰੀ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਕਾਸ਼-ਰੂਪ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਦੀ ਹੈ।

ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥

ਗੁਰੂ ਨੇ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਉਹ ਉਸੇ ਨਾਮ ਦਾ ਜਾਪ ਜਪਦੀ ਹੈ ॥੨॥

ਬਿਨੁ ਗੁਰ ਭਗਤਿ ਨ ਭਾਉ ਹੋਇ ॥

(ਹੇ ਮੇਰੀ ਸਹੇਲੀਹੋ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਹ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ ਨਾਹ ਉਸ ਦੀ ਭਗਤੀ ਹੋ ਸਕਦੀ ਹੈ।

ਬਿਨੁ ਗੁਰ ਸੰਤ ਨ ਸੰਗੁ ਦੇਇ ॥

ਸੰਤ ਗੁਰੂ ਦੀ ਸਰਨ ਤੋਂ ਬਿਨਾ ਉਹ (ਪਿਆਰਾ ਪ੍ਰਭੂ) ਆਪਣਾ ਸਾਥ ਨਹੀਂ ਬਖ਼ਸ਼ਦਾ।

ਬਿਨੁ ਗੁਰ ਅੰਧੁਲੇ ਧੰਧੁ ਰੋਇ ॥

ਗੁਰੂ ਦੇ ਦਰ ਤੇ ਆਉਣ ਤੋਂ ਬਿਨਾ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵ ਨੂੰ ਦੁਨੀਆ ਦਾ ਜੰਜਾਲ ਹੀ ਵਿਆਪਦਾ ਹੈ, ਉਹ ਸਦਾ ਦੁਖੀ ਹੀ ਰਹਿੰਦਾ ਹੈ।

ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥

ਪਰ ਗੁਰੂ ਦੀ ਸ਼ਰਨ ਪੈਣ ਵਾਲਾ ਗੁਰੂ ਦੇ ਸ਼ਬਦ ਦੀ ਰਾਹੀਂ ਪੈ ਮਨ ਦੀ ਮੈਲ ਦਾ ਨਾਸ਼ ਕਰ ਕੇ ਮਨ ਨਿਰਮਲ ਕਰ ਲੈਂਦਾ ਹੈ ॥੩॥

ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥

ਗੁਰੂ ਨੇ (ਪਰਮਾਤਮਾ ਨਾਲ) ਸੰਜੋਗ ਬਣਾ ਕੇ ਜਿਸ ਦਾ ਮਨ (ਮਾਇਆ ਦੇ ਮੋਹ ਵਲੋਂ) ਮਾਰ ਦਿੱਤਾ ਹੈ,

ਅਹਿਨਿਸਿ ਰਾਵੇ ਭਗਤਿ ਜੋਗੁ ॥

ਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਦੇ ਮਿਲਾਪ ਨੂੰ ਮਾਣਦਾ ਹੈ।

ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ॥

ਸੰਤ ਗੁਰੂ ਦੀ ਸੰਗਤ ਵਿਚ (ਬੈਠਿਆਂ ਜੀਵ ਦਾ) ਦੁੱਖ ਮਿਟ ਜਾਂਦਾ ਹੈ ਰੋਗ ਦੂਰ ਹੋ ਜਾਂਦਾ ਹੈ,

ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥

(ਕਿਉਂਕਿ) ਹੇ ਦਾਸ ਨਾਨਕ! ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ ਉਸ ਨੂੰ ਅਡੋਲ ਅਵਸਥਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੬॥

ਬਸੰਤੁ ਮਹਲਾ ੧ ॥

ਆਪੇ ਕੁਦਰਤਿ ਕਰੇ ਸਾਜਿ ॥

ਪ੍ਰਭੂ ਆਪ ਹੀ ਸਾਜ ਕੇ ਆਪਣੀ ਕੁਦਰਤਿ ਰਚਦਾ ਹੈ,

ਸਚੁ ਆਪਿ ਨਿਬੇੜੇ ਰਾਜੁ ਰਾਜਿ ॥

(ਇਸ ਕੁਦਰਤਿ ਵਿਚ) ਆਪਣਾ ਹੁਕਮ ਚਲਾ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਫ਼ੈਸਲੇ ਕਰਦਾ ਹੈ।

ਗੁਰਮਤਿ ਊਤਮ ਸੰਗਿ ਸਾਥਿ ॥

ਜਿਨ੍ਹਾਂ ਨੂੰ ਗੁਰੂ ਦੀ ਸ੍ਰੇਸ਼ਟ ਮੱਤ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸਦਾ ਅੰਗ-ਸੰਗ ਦਿੱਸਦਾ ਹੈ।

ਹਰਿ ਨਾਮੁ ਰਸਾਇਣੁ ਸਹਜਿ ਆਥਿ ॥੧॥

ਸਭ ਤੋਂ ਸ੍ਰੇਸ਼ਟ ਨਾਮ-ਰਸ ਉਹਨਾਂ ਨੂੰ ਅਡੋਲ ਅਵਸਥਾ ਵਿਚ (ਟਿਕੇ ਰਹਿਣ ਕਰਕੇ ਮਿਲ ਜਾਂਦਾ) ਹੈ ॥੧॥

ਮਤ ਬਿਸਰਸਿ ਰੇ ਮਨ ਰਾਮ ਬੋਲਿ ॥

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਬੋਲ। (ਵੇਖੀਂ) ਕਿਤੇ ਭੁਲਾ ਨਾ ਦੇਈਂ।

ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥੧॥ ਰਹਾਉ ॥

ਉਹ ਪਰਮਾਤਮਾ ਪਰੇ ਤੋਂ ਪਰੇ ਹੈ, ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਤੋਲ ਵਿਚ ਅਤੁੱਲ ਹੈ (ਭਾਵ, ਉਸ ਦੇ ਗੁਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ)। ਪਰ ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਆਪ (ਆਪਣੇ ਗੁਣਾਂ ਨੂੰ) ਤੁਲਾਂਦਾ ਹੈ (ਆਪਣੀ ਸਿਫ਼ਤ-ਸਾਲਾਹ ਆਪ ਉਹਨਾਂ ਤੋਂ ਕਰਾਂਦਾ ਹੈ) ॥੧॥ ਰਹਾਉ ॥

ਗੁਰ ਚਰਨ ਸਰੇਵਹਿ ਗੁਰਸਿਖ ਤੋਰ ॥

ਹੇ ਪ੍ਰਭੂ! ਜੇਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ, ਉਹ ਤੇਰੇ (ਸੇਵਕ) ਬਣ ਜਾਂਦੇ ਹਨ।

ਗੁਰ ਸੇਵਤ ਰੇ ਤਜਿ ਮੇਰ ਤੋਰ ॥

ਗੁਰੂ ਦੀ ਸੇਵਾ ਦੀ ਬਰਕਤਿ ਨਾਲ ਉਹ ਮੇਰ-ਤੇਰ ਤਿਆਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਨਰ ਨਿੰਦਕ ਲੋਭੀ ਮਨਿ ਕਠੋਰ ॥

ਪਰ ਜੇਹੜੇ ਬੰਦੇ ਦੂਜਿਆਂ ਦੀ ਨਿੰਦਿਆ ਕਰਦੇ ਹਨ, ਮਾਇਆ ਦੇ ਲੋਭ ਵਿਚ ਫਸੇ ਰਹਿੰਦੇ ਹਨ ਤੇ ਮਨੋਂ ਕਠੋਰ ਹਨ,

ਗੁਰ ਸੇਵ ਨ ਭਾਈ ਸਿ ਚੋਰ ਚੋਰ ॥੨॥

(ਜਿਨ੍ਹਾਂ ਦੇ ਮਨ ਦੂਜਿਆਂ ਦੇ ਦੁੱਖ ਵੇਖ ਕੇ ਦ੍ਰਵਦੇ ਨਹੀਂ ਹਨ) ਉਹਨਾਂ ਨੂੰ ਗੁਰੂ ਦੀ ਦੱਸੀ ਸੇਵਾ ਚੰਗੀ ਨਹੀਂ ਲੱਗਦੀ ਉਹ ਮਹਾਂ ਚੋਰ ਹਨ (ਉਹਨਾਂ ਦਾ ਜੀਵਨ ਚੋਰਾਂ ਦੇ ਜੀਵਨ ਵਰਗਾ ਹੈ) ॥੨॥

ਗੁਰੁ ਤੁਠਾ ਬਖਸੇ ਭਗਤਿ ਭਾਉ ॥

ਜਿਨ੍ਹਾਂ ਉਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਉਹ ਪ੍ਰਭੂ ਦੀ ਭਗਤੀ ਤੇ ਪਿਆਰ ਬਖ਼ਸ਼ਦਾ ਹੈ।

ਗੁਰਿ ਤੁਠੈ ਪਾਈਐ ਹਰਿ ਮਹਲਿ ਠਾਉ ॥

ਗੁਰੂ ਦੇ ਪ੍ਰਸੰਨ ਹੋਇਆਂ ਹੀ ਪ੍ਰਭੂ ਦੇ ਦਰ ਤੇ ਥਾਂ ਮਿਲਦਾ ਹੈ।

ਪਰਹਰਿ ਨਿੰਦਾ ਹਰਿ ਭਗਤਿ ਜਾਗੁ ॥

ਉਹ ਪਰਾਈ ਨਿੰਦਾ ਤਿਆਗ ਕੇ ਪ੍ਰਭੂ ਦੀ ਭਗਤੀ ਵਿਚ ਸਾਵਧਾਨਤਾ ਹਾਸਲ ਕਰਦੇ ਹਨ।

ਹਰਿ ਭਗਤਿ ਸੁਹਾਵੀ ਕਰਮਿ ਭਾਗੁ ॥੩॥

(ਪ੍ਰਭੂ ਦੀ) ਮੇਹਰ ਨਾਲ ਪ੍ਰਭੂ ਦੀ ਸੁਹਾਵਣੀ ਭਗਤੀ (ਉਹਨਾਂ ਦੇ ਜੀਵਨ ਦਾ) ਹਿੱਸਾ ਬਣ ਜਾਂਦੀ ਹੈ ॥੩॥

ਗੁਰੁ ਮੇਲਿ ਮਿਲਾਵੈ ਕਰੇ ਦਾਤਿ ॥

ਗੁਰੂ ਜਿਨ੍ਹਾਂ ਨੂੰ ਸੰਗਤ ਵਿਚ ਮਿਲਾਂਦਾ ਹੈ ਜਿਨ੍ਹਾਂ ਨੂੰ (ਨਾਮ ਦੀ) ਦਾਤ ਦੇਂਦਾ ਹੈ,

ਗੁਰਸਿਖ ਪਿਆਰੇ ਦਿਨਸੁ ਰਾਤਿ ॥

ਉਹ ਪਿਆਰੇ ਗੁਰਸਿੱਖ ਦਿਨ ਰਾਤ (ਨਾਮ ਦੀ ਦਾਤ ਸਾਂਭ ਰੱਖਦੇ ਹਨ)।

ਫਲੁ ਨਾਮੁ ਪਰਾਪਤਿ ਗੁਰੁ ਤੁਸਿ ਦੇਇ ॥

ਜਿਨ੍ਹਾਂ ਨੂੰ ਗੁਰੂ ਪ੍ਰਸੰਨ ਹੋ ਕੇ ਨਾਮ ਬਖ਼ਸ਼ਦਾ ਹੈ ਉਹਨਾਂ ਨੂੰ ਪ੍ਰਭੂ ਦਾ ਨਾਮ ਜੋ ਇਨਸਾਨੀ ਜ਼ਿੰਦਗੀ ਦਾ ਅਸਲ ਮਨੋਰਥ ਹੈ, ਮਿਲ ਜਾਂਦਾ ਹੈ।

ਕਹੁ ਨਾਨਕ ਪਾਵਹਿ ਵਿਰਲੇ ਕੇਇ ॥੪॥੭॥

(ਪਰ) ਨਾਨਕ ਆਖਦਾ ਹੈ- ਇਹ ਨਾਮ ਦੀ ਦਾਤ ਕੋਈ ਵਿਰਲੇ ਭਾਗਾਂ ਵਾਲੇ ਬੰਦੇ ਹੀ ਪ੍ਰਾਪਤ ਕਰਦੇ ਹਨ ॥੪॥੭॥

ਬਸੰਤੁ ਮਹਲਾ ੩ ਇਕ ਤੁਕਾ ॥

ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥

ਜੇ ਮਾਲਕ-ਪ੍ਰਭੂ ਨੂੰ ਪਸੰਦ ਆਵੇ ਤਾਂ ਹੀ (ਕੋਈ) ਸੇਵਕ ਪ੍ਰਭੂ ਦੀ ਸੇਵਾ (ਭਗਤੀ) ਕਰ ਸਕਦਾ ਹੈ।

ਜੀਵਤੁ ਮਰੈ ਸਭਿ ਕੁਲ ਉਧਰੈ ॥੧॥

ਉਹ ਸੇਵਕ ਜਗਤ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਆਪਣੇ ਸਾਰੇ ਕੁਲ ਭੀ (ਇਸ ਮੋਹ ਤੋਂ) ਬਚਾ ਲੈਂਦਾ ਹੈ ॥੧॥

ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥

ਹੇ ਪ੍ਰਭੂ! ਮੈਂ ਤੇਰੀ ਭਗਤੀ ਨਹੀਂ ਛੱਡਾਂਗਾ (ਭਾਵੇਂ ਇਸ ਕਾਰਨ ਜਗਤ ਹਾਸੇ-ਮਖ਼ੌਲ ਕਰੇ), ਮੈਂ ਕਿਸੇ ਦੇ ਹਾਸੇ ਦੀ ਪਰਵਾਹ ਨਹੀਂ ਕਰਾਂਗਾ[

ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ ॥

(ਹੇ ਪ੍ਰਭੂ! ਮੇਹਰ ਕਰ! ਤੇਰਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿਚ ਵੱਸਿਆ ਰਹੇ ॥੧॥ ਰਹਾਉ ॥

ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥

ਜਿਵੇਂ ਕੋਈ ਪ੍ਰਾਣੀ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹੈ (ਤੇ ਕਿਸੇ ਹੋਰ ਪਾਸੇ ਉਹ ਧਿਆਨ ਨਹੀਂ ਦੇਂਦਾ),

ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥

ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੨॥

ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥

ਹੇ ਪ੍ਰਭੂ! ਮੈਂ ਮੂਰਖ ਅੰਞਾਣ ਉਤੇ ਮੇਹਰ ਕਰ,

ਤਉ ਸਰਣਾਗਤਿ ਰਹਉ ਪਇਆ ॥੩॥

(ਤਾ ਕਿ) ਮੈਂ ਤੇਰੀ ਸਰਨ ਵਿਚ ਹੀ ਪਿਆ ਰਹਾਂ ॥੩॥

ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥

ਨਾਨਕ ਆਖਦਾ ਹੈ ਕਿ ਜਗਤ ਦੇ ਸਾਰੇ ਕੰਮ (ਆਖ਼ਰ) ਵਿਅਰਥ (ਸਾਬਤ ਹੁੰਦੇ) ਹਨ (ਫਿਰ ਭੀ ਜੀਵ ਨਿਰੇ ਦੁਨੀਆ ਦੇ ਧੰਧਿਆਂ ਵਿਚ ਹੀ ਖਚਿਤ ਰਹਿੰਦੇ ਹਨ)।

ਗੁਰਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥

ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰਦਾ ਹੈ ॥੪॥੮॥

ਮਹਲਾ ੧ ਬਸੰਤੁ ਹਿੰਡੋਲ ਘਰੁ ੨ ॥

ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥

ਹੇ ਬ੍ਰਾਹਮਣ! ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਨ ਕਰੋ, ਇਹੀ ਹੀ ਸਾਲਗ੍ਰਾਮ (ਦੀ ਪੂਜਾ)। ਨੇਕ ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ।

ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥

ਹੇ ਬ੍ਰਾਹਮਣ! ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ) ਇਹ ਬੇੜਾ ਤਿਆਰ ਕਰੋ, (ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਦਿਆਲ ਪ੍ਰਭੂ! (ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430