ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਕਰ ਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ, (ਇਹ ਤਾਂ ਇਉਂ ਹੀ ਹੈ ਕਿ) ਤੂੰ ਬਾਦਸ਼ਾਹ ਹੈਂ, ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ।
(ਪਰ ਇਤਨੀ ਕੁ ਸਿਫ਼ਤਿ-ਸਾਲਾਹ ਕਰਨੀ ਮੇਰੀ ਆਪਣੀ ਸਮਰੱਥਾ ਨਹੀਂ ਹੈ) ਹੇ ਮਾਲਕ-ਪ੍ਰਭੂ! (ਸਿਫ਼ਤਿ-ਸਾਲਾਹ ਕਰਨ ਦਾ) ਜਿਤਨਾ ਕੁ ਬਲ ਤੂੰ ਦੇਂਦਾ ਹੈਂ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਅੰਞਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ॥੧॥
ਹੇ ਪ੍ਰਭੂ! ਮੈਨੂੰ (ਅਜੇਹੀ) ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਾਂ।
ਹੇ ਰਜ਼ਾ ਦੇ ਮਾਲਕ-ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ (ਚਰਨਾਂ) ਵਿਚ ਟਿਕਿਆ ਰਹਿ ਸਕਾਂ ॥੧॥ ਰਹਾਉ ॥
ਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ।
ਹੇ ਮਾਲਕ-ਪ੍ਰਭੂ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨ੍ਹਾ ਹਾਂ (ਤੁੱਛ-ਅਕਲ ਹਾਂ) ਮੇਰੇ ਵਿਚ ਕੋਈ ਐਸੀ ਸਿਆਣਪ ਨਹੀਂ ਹੈ (ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ ॥੨॥
ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ।
ਤੇਰੀ ਰਤਾ ਮਾਤ੍ਰ ਵਡਿਆਈ ਭੀ ਜੇਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ (ਭਾਵ, ਜਿਤਨੀ ਕੁ ਤੂੰ ਬਿਆਨ ਕਰਨ ਲਈ ਆਪ ਹੀ ਸਮਝ ਦੇਂਦਾ ਹੈਂ) ॥੩॥
(ਹੇ ਪ੍ਰਭੂ! ਇਥੇ ਕਾਮਾਦਿਕ) ਅਨੇਕਾਂ ਕੁੱਤੇ ਹਨ, ਮੈਂ (ਇਹਨਾਂ ਵਿਚ) ਓਪਰਾ (ਆ ਫਸਿਆ) ਹਾਂ, (ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ) ਆਪਣੇ ਇਸ ਸਰੀਰ ਨੂੰ (ਕਾਮਾਦਿਕ ਕੁੱਤਿਆਂ ਤੋਂ ਬਚਾਣ ਲਈ ਭੌਂਕਦਾ ਹੀ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ)।
(ਮੈਨੂੰ ਇਹ ਧਰਵਾਸ ਹੈ ਕਿ) ਜੇ (ਤੇਰਾ ਦਾਸ) ਨਾਨਕ ਭਗਤੀ ਤੋਂ ਸੱਖਣਾ ਹੈ (ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈਂ, ਤੇ ਤੈਂ) ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਗਈ (ਕਿ ਤੂੰ ਮੁੱਢ ਕਦੀਮਾਂ ਤੋਂ ਸਰਨ ਆਏ ਦੀ ਸਹੈਤਾ ਕਰਦਾ ਆਇਆ ਹੈਂ) ॥੪॥੧॥
ਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ ॥੧॥
ਹੇ ਮੇਰੀ ਮਾਂ! (ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ।
ਮੈਨੂੰ ਯਕੀਨ ਹੋ ਗਿਆ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।
ਹੁਣ ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਰੱਖਦਾ ॥੧॥ ਰਹਾਉ ॥
ਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ।
ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ ॥੨॥
ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ।
ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ ॥੩॥
ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫ਼ਿਕਰ ਹੈ।
ਨਾਨਕ ਦੀ (ਤੇਰੇ ਦਰ ਤੇ) ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ) ॥੪॥੨॥
(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ), ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ,
ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ।
ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।
ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ ॥੧॥