ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ।
ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ,
(ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ।
ਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ। (ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ।)
ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ ॥੨੪॥
(ਜੇ) ਸਤਿਗੁਰੂ ਦੇ ਸਨਮੁਖ ਹੋ ਕੇ ਮਨ (ਪ੍ਰਭੂ ਦੀ ਯਾਦ ਵਿਚ) ਜੋੜੀਏ (ਤੇ) ਇਸ ਮਨ ਨੂੰ ਪੱਕਾ ਕਰ ਕੇ ਰੱਖੀਏ (ਜਿਵੇਂ ਇਹ ਮਾਇਆ ਵਲ ਨਾ ਦੌੜੇ।)
(ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ,
(ਤਾਂ) ਇਹ ਜੀਵ ਹਰੀ ਦੇ ਵੱਸ ਵਿਚ (ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ) ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।
(ਹੇ ਹਰੀ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੈਨੂੰ) ਦਾਸ ਨਾਨਕ ਨੂੰ ਨਾਮ ਦੀ ਦਾਤਿ ਬਖ਼ਸ਼ (ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਝੋਰੇ ਨੂੰ ਮਿਟਾ ਸਕਦਾ ਹੈ) ॥੧॥
ਅਹੰਕਾਰ ਵਿਚ ਮੱਤਾ ਹੋਇਆ ਮਨਮੁਖ (ਸਤਿਗੁਰੂ ਦੇ) ਨਿਵਾਸ-ਅਸਥਾਨ (ਭਾਵ, ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ (ਭਾਵ, ਘੜੀ ਤੋਲਾ ਘੜੀ ਮਾਸਾ)।
ਸਦਾ ਸੱਦਦੇ ਰਹੀਏ ਤਾਂ ਭੀ ਉਹ ਸਤਸੰਗ ਵਿਚ ਨਹੀਂ ਆਉਂਦਾ (ਇਸ ਵਾਸਤੇ) ਉਹ ਹਰੀ ਦੀ ਦਰਗਾਹ ਵਿਚ ਭੀ ਕਿਵੇਂ ਸੁਰਖ਼ਰੂ ਹੋਵੇ? (ਭਾਵ, ਨਹੀਂ ਹੋ ਸਕਦਾ)!
ਸਤਿਗੁਰੂ ਦੇ ਟਿਕਾਣੇ ਦੀ (ਭਾਵ, ਸਤਸੰਗ ਦੀ) ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ)।
ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ ॥੨॥
ਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ,
(ਕਿਉਂਕਿ ਜਦੋਂ) ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ।
(ਪਤੀਜ ਕੇ) ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ।
(ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ।
'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ'-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ ॥੨੫॥
ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ।
ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿਚ (ਭੀ) ਥਾਂ ਨਹੀਂ ਸੂ ਮਿਲਦੀ।
(ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ,
(ਕਿਉਂਕਿ) ਸਤਿਗੁਰੂ ਦੀ ਨਿੰਦਾ ਕਰਨ ਵਿਚ (ਇਕ ਵਾਰੀ ਜੇ) ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿਚ ਹੀ ਉਮਰ ਬੀਤਦੀ ਹੈ।
(ਪਰ) ਮਰਦ (ਭਾਵ, ਸੂਰਮਾ) ਸਤਿਗੁਰੂ (ਅਜਿਹਾ) ਨਿਰਵੈਰ ਹੈ ਕਿ ਉਸ (ਨਿੰਦਕ) ਨੂੰ ਭੀ ਆਪੇ (ਭਾਵ, ਆਪਣੇ ਆਪ ਮਿਹਰ ਕਰ ਕੇ ਚਰਨੀਂ) ਲਾ ਲੈਂਦਾ ਹੈ,
ਤੇ ਹੇ ਨਾਨਕ! ਜਿਨ੍ਹਾਂ ਨੂੰ ਹਰੀ, ਗੁਰੂ ਦਾ ਦਰਸ਼ਨ ਕਰਾਉਂਦਾ ਹੈ, ਉਹਨਾਂ ਨੂੰ ਦਰਗਾਹ ਵਿਚ ਛੁਡਾ ਲੈਂਦਾ ਹੈ ॥੧॥
ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ,
ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ।
ਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ।
(ਇਸ ਵਾਸਤੇ) ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ? (ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ)।
(ਸਤਿਗੁਰੂ ਦੇ ਦਰਸ਼ਨ ਵਲੋਂ) ਅੰਨ੍ਹਾ (ਤੇ ਉਪਦੇਸ਼ ਵਲੋਂ) ਬੋਲਾ ਖੁੰਝ ਕੇ-
ਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ।
ਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ,
(ਕਿਉਂਕਿ) ਹੇ ਨਾਨਕ! ਮੁਢ ਤੋਂ (ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ) ਲਿਖੇ ਗਏ ਹਨ (ਉਹਨਾਂ ਦੇ ਅਨੁਸਾਰ ਹੁਣ ਭੀ ਮੰਦੇ ਕੰਮ ਹੀ) ਕਰੀ ਜਾਂਦਾ ਹੈ ॥੨॥
ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ।
ਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ।
(ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ।
ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)।
ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ ॥੨੬॥