ਹੇ ਪ੍ਰਭੂ! (ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ॥੨॥੮॥
ਉਸ ਪ੍ਰਭੂ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ,
ਜੇਹੜਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਿਫ਼ਤ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ ॥੧॥ ਰਹਾਉ ॥
ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ।
ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ ॥੧॥
(ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ ਕੋਈ) ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸਰੀਰਕ ਸੁੱਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ।
ਹੇ ਨਾਨਕ! ਆਪਣੀ ਚਤੁਰਾਈ ਤੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ ॥੨॥੯॥
ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖੱਟ!
ਇੰਜ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਲਏਂਗਾ, ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਂਗਾ ਤੇ ਤੇਰੀਆਂ (ਆਤਮਕ) ਮੌਤ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ ॥੧॥ ਰਹਾਉ ॥
ਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ (ਇਹ ਲਾਭ) ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ,
ਤੇ ਇਹ ਨਾਮ-ਖ਼ਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਹੈ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਹ ਹੈ ॥੧॥
ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ ਹਨ,
ਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਪਦਾਰਥ ਖ਼ਰੀਦਿਆ ਹੈ, ਹੇ ਨਾਨਕ!॥੨॥੧੦॥
ਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ?
(ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ ॥੧॥ ਰਹਾਉ ॥
ਹੇ ਪ੍ਰਾਣੀ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ (ਸਰੀਰ ਦਾ) ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ।
ਹੇ ਮੂਰਖ! ਹੇ ਗੰਵਾਰ! ਤੂੰ ਉਸ ਪਰਮਾਤਮਾ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੧॥
ਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ (ਇਸ ਮੋਹ ਵਿਚੋਂ) ਬਚਾ ਲੈ।
ਹੇ ਨਾਨਕ! (ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ) ॥੨॥੧੧॥
ਉਹ ਪਰਮਾਤਮਾ ਨੇੜੇ ਹੈ, ਨਾਲ ਹੀ ਵੱਸਦਾ ਹੈ।
ਦਿਨ, ਰਾਤ, ਸ਼ਾਮ, ਸਵੇਰੇ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹੁ, ਪਰਮਾਤਮਾ ਦਾ ਨਾਮ ਸਿਮਰਦਾ ਰਹੁ ਤੇ ਪਰਮਾਤਮਾ ਦਾ ਧਿਆਨ ਧਰਦਾ ਰਹੁ ॥੧॥ ਰਹਾਉ ॥
ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਇੰਜ ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ।
ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ ॥੧॥
(ਹੇ ਕਰਤਾਰ!) ਮੈਨੂੰ ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ।
ਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ ॥੨॥੧੨॥ ਛੇ ਸ਼ਬਦਾਂ ਦੇ 2 ਸੰਗ੍ਰਹ।
ਹੇ (ਮੇਰੇ) ਮਨ! ਜਿਸ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
ਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ ॥੧॥ ਰਹਾਉ ॥
ਹੇ ਮਨ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ।
ਤੇ ਉਸ ਮਨੁੱਖ ਨੇ (ਪ੍ਰਭੂ-ਚਰਨਾਂ ਵਿਚ) ਪ੍ਰੇਮ (ਕਰ ਕੇ, ਪ੍ਰਭੂ ਦੀ) ਭਗਤੀ (ਕਰ ਕੇ) ਗੋਬਿੰਦ ਦੇ ਗੁਣ ਗਾ ਕੇ (ਆਤਮਕ) ਮੌਤ ਦੇ ਰਸਤੇ ਨੂੰ ਆਪਣੇ ਵੱਸ ਵਿਚ ਕਰ ਲਿਆ ॥੧॥
ਜਿਸ ਮਨੁੱਖ ਉਤੇ ਪਰਮਾਤਮਾ ਦੀ ਮੇਹਰ ਹੋਈ, ਉਸ (ਦੇ ਮਨ ਤੋਂ ਮਾਇਆ ਦੇ ਮੋਹ) ਦਾ ਜੰਗਾਲ ਲਹਿ ਗਿਆ, ਉਸ ਨੇ ਪਰਮਾਤਮਾ ਦਾ ਕੀਮਤੀ ਨਾਮ-ਪਦਾਰਥ ਲੱਭ ਲਿਆ।
ਹੇ ਨਾਨਕ! ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ (ਜੀਵਾਂ ਦੀ ਅਕਲ ਦੀ) ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ (ਗੁਣਾਂ ਵਾਲਾ) ਹੈ ॥੨॥੧੩॥