(ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂੰ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂੰ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ,
(ਜਿਵੇਂ ਚੋਰ ਸੰਨ੍ਹ ਉਤੇ ਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ ॥੧॥
(ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂੰ ਸਿਮਰਦਾ ਹੈ।
(ਉਸ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ ॥੧॥ ਰਹਾਉ ॥
(ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ।
ਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ॥੨॥
(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ,
ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ॥੩॥
ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ,
ਹੇ ਨਾਨਕ! ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ॥੪॥੭੧॥੧੪੦॥
(ਹੇ ਭਾਈ!) ਪਰਮਾਤਮਾ ਦੇ ਪਿਆਰ ਦਾ ਰੰਗ (ਜੇ ਕਿਸੇ ਵਡਭਾਗੀ ਦੇ ਮਨ ਉਤੇ ਚੜ੍ਹ ਜਾਏ ਤਾਂ ਫਿਰ) ਕਦੇ (ਉਸ ਮਨ ਤੋਂ) ਉਤਰਦਾ ਨਹੀਂ, ਦੂਰ ਨਹੀਂ ਹੁੰਦਾ,
(ਪਰ) ਪੂਰਾ ਗੁਰੂ ਜਿਸ ਮਨ ਨੂੰ ਇਸ ਦੀ ਸੂਝ ਬਖ਼ਸ਼ ਦੇਵੇ ॥੧॥
ਜੇਹੜਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਉਤੇ (ਮਾਇਆ ਦਾ) ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ,
ਉਹ (ਮਾਨੋ) ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ! ਜੇਹੜਾ ਮਨੁੱਖ) ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਸਿਫ਼ਤ-ਸਾਲਾਹ ਕਰਦਾ ਹੈ,
ਉਸ ਦੇ ਮਨ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਤੇ) ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿਂਦਾ ॥੨॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਕਦੇ ਕਿਸੇ ਨੇ) ਆਤਮਕ ਆਨੰਦ ਨਹੀਂ ਲੱਭਾ।
(ਹੇ ਭਾਈ!) ਮਾਇਆ (ਦੇ ਸੁਆਦਾਂ) ਦੇ ਹੋਰ ਹੋਰ ਰੰਗ ਸਭ ਉਤਰ ਜਾਂਦੇ ਹਨ (ਮਾਇਆ ਦੇ ਸੁਆਦਾਂ ਤੋਂ ਮਿਲਣ ਵਾਲੇ ਸੁਖ ਹੋਛੇ ਹੁੰਦੇ ਹਨ ॥੩॥
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ।
ਨਾਨਕ ਆਖਦਾ ਹੈ- ਉਨ੍ਹਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੭੨॥੧੪੧॥
(ਹੇ ਭਾਈ!) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ,
(ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ ॥੧॥
(ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਣਿਆ ਰਹਿੰਦਾ ਹੈ।
(ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ ਨਹੀਂ ਪੋਹ ਸਕਦਾ ਕੋਈ ਭਟਕਣਾ ਨਹੀਂ ਪੋਹ ਸਕਦੀ,
(ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿਚ) ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਏ ਜਾਂਦੇ ਹਨ (ਉਹਨਾਂ ਦੇ ਅੰਦਰ ਹਰ ਵੇਲੇ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ॥੨॥
(ਹੇ ਭਾਈ!) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰ ਕੇ-
(ਆਪਣੇ ਸੇਵਕਾਂ ਨੂੰ ਆਪਣੇ) ਸੋਹਣੇ ਚਰਨਾਂ ਦਾ ਸਹਾਰਾ (ਸਦਾ) ਬਖ਼ਸ਼ਿਆ ਹੁੰਦਾ ਹੈ ॥੩॥
(ਇਸ ਵਾਸਤੇ) ਨਾਨਕ ਆਖਦਾ ਹੈ- (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ,
ਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ ॥੪॥੭੩॥੧੪੨॥
(ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ) ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ,
ਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ, ਉਸ ਦੀ (ਮਾਇਆ ਆਦਿਕ ਵਾਲੀ) ਭਟਕਣਾ ਮੁੱਕ ਜਾਂਦੀ ਹੈ ॥੧॥
(ਹੇ ਭਾਈ!) ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ)
ਜਿਸ ਮਨੁੱਖ ਉੱਤੇ ਪਰਮਾਤਮਾ ਆਪਣੇ ਨਾਮ-ਧਨ ਦੀ ਦਾਤ ਦੀ ਮਿਹਰ ਕਰਦਾ ਹੈ ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਬਣ ਜਾਂਦਾ ਹੈ ॥੧॥ ਰਹਾਉ ॥
(ਪਰ ਹੇ ਭਾਈ! ਨਾਮ-ਧਨ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ ਤੇ), ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ,
ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ) ॥੨॥
(ਹੇ ਭਾਈ!) ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ।
ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ ॥੩॥
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੇ ਨਾਮ-ਧਨ ਦਾ ਸਰਮਾਇਆ ਕਮਾ ਲਿਆ ਹੈ,
ਨਾਨਕ ਆਖਦਾ ਹੈ- ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ ॥੪॥੭੪॥੧੪੩॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।
ਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ ॥੧॥
ਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ,
ਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ ॥੧॥ ਰਹਾਉ ॥
(ਹੇ ਭਾਈ! ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਹਨ,
ਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਨ ॥੨॥
(ਹੇ ਭਾਈ! ਨਾਮ-ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ) ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ।
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ (ਆਪਣੇ ਮਨ ਵਿਚੋਂ) ਸਾਰੇ ਪਾਪ ਧੋ ਲੈਂਦੇ ਹਨ ॥੩॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ,
ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੭੫॥੧੪੪॥