ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 260


ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥

(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ (ਉਨ੍ਹਾਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ) ॥੪੬॥

ਸਲੋਕੁ ॥

ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥

ਮਾਇਆ-ਗ੍ਰਸੇ ਮੂਰਖ ਬੇਸਮਝ ਮਨੁੱਖਾਂ ਦੀ ਉਮਰ ਇਸੇ ਵਹਣ ਵਿਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ, ਮੈਂ ਹੀ ਹੋਵਾਂ।

ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥

ਹੇ ਨਾਨਕ! ਹਉਮੈ ਦੇ ਆਸਰੇ ਕੀਤੇ ਕੰਮਾਂ (ਦੇ ਸੰਸਕਾਰਾਂ) ਦੇ ਕਾਰਨ, ਹਉਮੈ ਦਾ ਕੰਡਾ ਚੁਭ ਚੁਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ, ਜਿਵੇਂ ਕੋਈ ਤ੍ਰਿਹਾਇਆ (ਪਾਣੀ ਖੁਣੋਂ ਮਰਦਾ ਹੈ, ਉਹ ਆਤਮਕ ਸੁਖ ਬਾਝੋਂ ਤੜਫਦੇ ਹਨ) ॥੧॥

ਪਉੜੀ ॥

ਪਉੜੀ

ੜਾੜਾ ੜਾੜਿ ਮਿਟੈ ਸੰਗਿ ਸਾਧੂ ॥

(ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤਿ ਵਿਚ ਹੀ ਮਿਟਦੀ ਹੈ,

ਕਰਮ ਧਰਮ ਤਤੁ ਨਾਮ ਅਰਾਧੂ ॥

(ਕਿਉਂਕਿ ਸੰਗਤਿ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ।

ਰੂੜੋ ਜਿਹ ਬਸਿਓ ਰਿਦ ਮਾਹੀ ॥

ਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ,

ਉਆ ਕੀ ੜਾੜਿ ਮਿਟਤ ਬਿਨਸਾਹੀ ॥

ਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ।

ੜਾੜਿ ਕਰਤ ਸਾਕਤ ਗਾਵਾਰਾ ॥

ਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ,

ਜੇਹ ਹੀਐ ਅਹੰਬੁਧਿ ਬਿਕਾਰਾ ॥

ਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ।

ੜਾੜਾ ਗੁਰਮੁਖਿ ੜਾੜਿ ਮਿਟਾਈ ॥

ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ,

ਨਿਮਖ ਮਾਹਿ ਨਾਨਕ ਸਮਝਾਈ ॥੪੭॥

ਹੇ ਨਾਨਕ! ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ ॥੪੭॥

ਸਲੋਕੁ ॥

ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥

ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ।

ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥

ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ) ॥੧॥

ਪਉੜੀ ॥

ਪਉੜੀ

ਸਸਾ ਸਰਨਿ ਪਰੇ ਅਬ ਹਾਰੇ ॥

ਹੇ ਧਰਤੀ ਦੇ ਸਾਈਂ! (ਹਉਮੈ ਦੀ ਚੋਭ ਤੋਂ ਬਚਣ ਲਈ ਅਨੇਕਾਂ ਚਤੁਰਾਈਆਂ ਸਿਆਣਪਾਂ ਕੀਤੀਆਂ, ਪਰ ਕੁਝ ਨ ਬਣਿਆ, ਹੁਣ) ਹਾਰ ਕੇ ਤੇਰੀ ਸਰਨ ਪਏ ਹਾਂ।

ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥

(ਪੰਡਿਤ ਲੋਕ) ਸਿਮ੍ਰਤੀਆਂ ਸ਼ਾਸਤ੍ਰ ਵੇਦ (ਆਦਿਕ ਧਰਮ-ਪੁਸਤਕ) ਉੱਚੀ ਉੱਚੀ ਪੜ੍ਹਦੇ ਹਨ।

ਸੋਧਤ ਸੋਧਤ ਸੋਧਿ ਬੀਚਾਰਾ ॥

ਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀਦਾ ਹੈ,

ਬਿਨੁ ਹਰਿ ਭਜਨ ਨਹੀ ਛੁਟਕਾਰਾ ॥

ਕਿ ਹਰੀ-ਨਾਮ ਦੇ ਸਿਮਰਨ ਤੋਂ ਬਿਨਾ (ਹਉਮੈ ਦੀ ਚੋਭ ਤੋਂ) ਖ਼ਲਾਸੀ ਨਹੀਂ ਹੋ ਸਕਦੀ।

ਸਾਸਿ ਸਾਸਿ ਹਮ ਭੂਲਨਹਾਰੇ ॥

ਹੇ ਗੁਪਾਲ! ਅਸੀਂ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ।

ਤੁਮ ਸਮਰਥ ਅਗਨਤ ਅਪਾਰੇ ॥

ਤੂੰ ਸਾਡੀਆਂ ਭੁੱਲਾਂ ਨੂੰ ਬਖ਼ਸ਼ਣ-ਜੋਗ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।

ਸਰਨਿ ਪਰੇ ਕੀ ਰਾਖੁ ਦਇਆਲਾ ॥

ਹੇ ਦਿਆਲ! ਸਰਨ ਪਿਆਂ ਦੀ ਲਾਜ ਰੱਖ (ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਭ ਤੋਂ ਬਚਾਈ ਰੱਖ।)

ਨਾਨਕ ਤੁਮਰੇ ਬਾਲ ਗੁਪਾਲਾ ॥੪੮॥

ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ, ਤੇ ਆਖ-) ਹੇ ਗੋਪਾਲ! ਅਸੀਂ ਤੇਰੇ ਬੱਚੇ ਹਾਂ ॥੪੮॥

ਸਲੋਕੁ ॥

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥

ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।

ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

ਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤ-ਸਾਲਾਹ ਦਾ ਹੱਕਦਾਰ ਹੈ ॥੧॥

ਪਉੜੀ ॥

ਪਉੜੀ

ਖਖਾ ਖਰਾ ਸਰਾਹਉ ਤਾਹੂ ॥

ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਲਾ ਕੇ ਕਰਦਾ ਹਾਂ,

ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥

ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ।

ਖਰਾ ਨਿਮਾਨਾ ਹੋਤ ਪਰਾਨੀ ॥

(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ,

ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥

ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ।

ਭਾਵੈ ਖਸਮ ਤ ਉਆ ਸੁਖੁ ਦੇਤਾ ॥

(ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ।

ਪਾਰਬ੍ਰਹਮੁ ਐਸੋ ਆਗਨਤਾ ॥

ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ),

ਅਸੰਖ ਖਤੇ ਖਿਨ ਬਖਸਨਹਾਰਾ ॥

ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ।

ਨਾਨਕ ਸਾਹਿਬ ਸਦਾ ਦਇਆਰਾ ॥੪੯॥

ਹੇ ਨਾਨਕ! ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ॥੪੯॥

ਸਲੋਕੁ ॥

ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥

ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ। ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ ਪਰਮਾਤਮਾ ਦੀ ਸਰਨ ਪਉ।

ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥

ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ॥੧॥

ਪਉੜੀ ॥

ਪਉੜੀ

ਸਸਾ ਸਿਆਨਪ ਛਾਡੁ ਇਆਨਾ ॥

ਹੇ ਮੇਰੇ ਅੰਞਾਣ ਮਨ! ਚਲਾਕੀਆਂ ਛੱਡ।

ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥

ਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ।

ਸਹਸ ਭਾਤਿ ਕਰਹਿ ਚਤੁਰਾਈ ॥

ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ,

ਸੰਗਿ ਤੁਹਾਰੈ ਏਕ ਨ ਜਾਈ ॥

ਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ)।

ਸੋਊ ਸੋਊ ਜਪਿ ਦਿਨ ਰਾਤੀ ॥

ਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ,

ਰੇ ਜੀਅ ਚਲੈ ਤੁਹਾਰੈ ਸਾਥੀ ॥

ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ।

ਸਾਧ ਸੇਵਾ ਲਾਵੈ ਜਿਹ ਆਪੈ ॥

(ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ,

ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥

ਹੇ ਨਾਨਕ! ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ ॥੫੦॥

ਸਲੋਕੁ ॥

ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥

ਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ।

ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥

ਹੇ ਨਾਨਕ! ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਮੌਜੂਦ ਹੈ ॥੧॥

ਪਉੜੀ ॥

ਪਉੜੀ

ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥

ਮੈਂ ਸਭ ਜੀਵਾਂ ਦੇ ਸਰੀਰ ਵਿਚ ਵੇਖਦਾ ਹਾਂ ਕਿ ਪਰਮਾਤਮਾ ਹੀ ਆਪ ਮੌਜੂਦ ਹੈ।

ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥

ਪਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚਲਿਆ ਆ ਰਿਹਾ ਹੈ, ਉਹ ਜੀਵਾਂ ਦੇ ਦੁੱਖ ਭੀ ਨਾਸ ਕਰਨ ਵਾਲਾ ਹੈ-ਇਹ ਸੂਝ ਗੁਰੂ ਦਾ ਗਿਆਨ ਦੇਂਦਾ ਹੈ (ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ)।

ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥

ਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਉਥੇ ਪ੍ਰਭੂ ਆਪ ਆ ਵੱਸਦਾ ਹੈ।

ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥

ਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਮਨੁੱਖ ਦੇ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ।

ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥

ਜੇਹੜਾ ਮਨੁੱਖ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਸੰਤਹ ਸੰਗਿ ਹੋਤ ਕਿਰਪਾਲਾ ॥

ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ, ਪ੍ਰਭੂ ਉਸ ਉਤੇ ਕਿਰਪਾ ਕਰਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430