ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 363


ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥

ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਜਾਂਦਾ ਹੈ।

ਹਿਰਦੈ ਨਾਮੁ ਵਡੀ ਵਡਿਆਈ ॥

(ਪ੍ਰਭੂ ਤੋਂ ਵਿਕਿਆ ਹੋਏ ਦਾਸ ਵਾਸਤੇ) ਇਹੀ ਸਭ ਤੋਂ ਵੱਡੀ ਇੱਜ਼ਤ ਹੈ ਕਿ ਉਹ ਉਸ ਪ੍ਰਭੂ ਦਾ ਨਾਮ ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥

ਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ॥੧॥

ਸੋ ਲਾਲਾ ਜੀਵਤੁ ਮਰੈ ॥

(ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ।

ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰਪਰਸਾਦੀ ਸਬਦਿ ਉਧਰੈ ॥੧॥ ਰਹਾਉ ॥

(ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ ॥੧॥ ਰਹਾਉ ॥

ਕਰਣੀ ਕਾਰ ਧੁਰਹੁ ਫੁਰਮਾਈ ॥

ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ।

ਬਿਨੁ ਸਬਦੈ ਕੋ ਥਾਇ ਨ ਪਾਈ ॥

(ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ।

ਕਰਣੀ ਕੀਰਤਿ ਨਾਮੁ ਵਸਾਈ ॥

ਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ-ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ।

ਆਪੇ ਦੇਵੈ ਢਿਲ ਨ ਪਾਈ ॥੨॥

(ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ ॥੨॥

ਮਨਮੁਖਿ ਭਰਮਿ ਭੁਲੈ ਸੰਸਾਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,

ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥

(ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ।

ਵਿਣੁ ਰਾਸੀ ਵਖਰੁ ਪਲੈ ਨ ਪਾਇ ॥

ਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ।

ਮਨਮੁਖਿ ਭੁਲਾ ਜਨਮੁ ਗਵਾਇ ॥੩॥

(ਇਸੇ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ॥੩॥

ਸਤਿਗੁਰੁ ਸੇਵੇ ਸੁ ਲਾਲਾ ਹੋਇ ॥

(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ,

ਊਤਮ ਜਾਤੀ ਊਤਮੁ ਸੋਇ ॥

ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ,

ਗੁਰ ਪਉੜੀ ਸਭ ਦੂ ਊਚਾ ਹੋਇ ॥

ਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ।

ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥

ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ ॥੪॥੭॥੪੬॥

ਆਸਾ ਮਹਲਾ ੩ ॥

ਮਨਮੁਖਿ ਝੂਠੋ ਝੂਠੁ ਕਮਾਵੈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ,

ਖਸਮੈ ਕਾ ਮਹਲੁ ਕਦੇ ਨ ਪਾਵੈ ॥

(ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ।

ਦੂਜੈ ਲਗੀ ਭਰਮਿ ਭੁਲਾਵੈ ॥

ਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ।

ਮਮਤਾ ਬਾਧਾ ਆਵੈ ਜਾਵੈ ॥੧॥

(ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੧॥

ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥

ਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ।

ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥

(ਇਸੇ ਤਰ੍ਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ ॥੧॥ ਰਹਾਉ ॥

ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥

ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ।

ਗੁਰਸਬਦੀ ਸੀਗਾਰੁ ਬਣਾਵੈ ॥

ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ,

ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥

ਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ,

ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥

ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੨॥

ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥

(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ,

ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥

ਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ,

ਨੇੜੈ ਵੇਖੈ ਸਦਾ ਹਦੂਰਿ ॥

ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ,

ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥

ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ ॥੩॥

ਆਗੈ ਜਾਤਿ ਰੂਪੁ ਨ ਜਾਇ ॥

(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ।

ਤੇਹਾ ਹੋਵੈ ਜੇਹੇ ਕਰਮ ਕਮਾਇ ॥

(ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ)।

ਸਬਦੇ ਊਚੋ ਊਚਾ ਹੋਇ ॥

(ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ,

ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥

ਹੇ ਨਾਨਕ! ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ ॥੪॥੮॥੪੭॥

ਆਸਾ ਮਹਲਾ ੩ ॥

ਭਗਤਿ ਰਤਾ ਜਨੁ ਸਹਜਿ ਸੁਭਾਇ ॥

ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ,

ਗੁਰ ਕੈ ਭੈ ਸਾਚੈ ਸਾਚਿ ਸਮਾਇ ॥

ਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।

ਬਿਨੁ ਗੁਰ ਪੂਰੇ ਭਗਤਿ ਨ ਹੋਇ ॥

(ਪਰ) ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥

ਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ ॥੧॥

ਮੇਰੇ ਮਨ ਹਰਿ ਜਪਿ ਸਦਾ ਧਿਆਇ ॥

ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ।

ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥

(ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥

ਗੁਰ ਪੂਰੇ ਤੇ ਪੂਰਾ ਪਾਏ ॥

ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ,

ਹਿਰਦੈ ਸਬਦੁ ਸਚੁ ਨਾਮੁ ਵਸਾਏ ॥

(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ,

ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥

(ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ।

ਸਦਾ ਸੂਚੇ ਸਾਚਿ ਸਮਾਏ ॥੨॥

(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ ॥੨॥

ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥

(ਹੇ ਮੇਰੇ ਮਨ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ,

ਗੁਰਪਰਸਾਦਿ ਰਹਿਆ ਭਰਪੂਰਿ ॥

ਗੁਰੂ ਦੀ ਕਿਰਪਾ ਨਾਲ ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।

ਜਹਾ ਜਾਉ ਤਹ ਵੇਖਾ ਸੋਇ ॥

(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।

ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥

(ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ ॥੩॥

ਗੁਰੁ ਸਾਗਰੁ ਪੂਰਾ ਭੰਡਾਰ ॥

ਗੁਰੂ ਸਮੁੰਦਰ ਹੈ ਅਤੇ ਉਸ ਦਾ ਖ਼ਜ਼ਾਨਾ ਅਖੁੱਟ ਹੈ,

ਊਤਮ ਰਤਨ ਜਵਾਹਰ ਅਪਾਰ ॥

ਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ।

ਗੁਰਪਰਸਾਦੀ ਦੇਵਣਹਾਰੁ ॥

ਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ।

ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥

ਹੇ ਨਾਨਕ! ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ (ਤੇ ਇਹ ਕੀਮਤੀ ਖ਼ਜ਼ਾਨੇ ਦੇਂਦਾ ਹੈ) ॥੪॥੯॥੪੮॥

ਆਸਾ ਮਹਲਾ ੩ ॥

ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥

(ਹੇ ਭਾਈ!) ਗੁਰੂ (ਗੁਣਾਂ ਦਾ) ਸਮੁੰਦਰ ਹੈ, ਗੁਰੂ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੈ,

ਪੂਰੈ ਭਾਗਿ ਗੁਰ ਸੇਵਾ ਹੋਇ ॥

ਵੱਡੀ ਕਿਸਮਤਿ ਨਾਲ ਹੀ ਗੁਰੂ ਦੀ (ਦੱਸੀ) ਸੇਵਾ ਹੋ ਸਕਦੀ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430