ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ (ਸਦਾ) ਜਪਿਆ ਕਰ।
ਜੇ ਅਨੇਕਾਂ ਤੇ ਕ੍ਰੋੜਾਂ ਪਾਪ ਭੀ ਕੀਤੇ ਹੋਏ ਹੋਣ, ਤਾਂ (ਪਰਮਾਤਮਾ ਦਾ ਨਾਮ) ਸਭਨਾਂ ਨੂੰ ਦੂਰ ਕਰ ਕੇ (ਮਨੁੱਖ ਦੇ ਹਿਰਦੇ ਵਿਚੋਂ) ਲਾਂਭੇ ਸੁੱਟ ਦੇਂਦਾ ਹੈ ॥੧॥ ਰਹਾਉ ॥
ਹੇ ਮੇਰੇ ਮਨ! ਜਿਹੜੇ ਮਨੁੱਖ ਸੇਵਕ-ਭਾਵਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਆਰਾਧਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
(ਜਿਹੜਾ ਪ੍ਰਾਣੀ ਨਾਮ ਜਪਦਾ ਹੈ ਉਸ ਦੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ (ਇਉਂ) ਨਿਕਲ ਜਾਂਦੇ ਹਨ, ਜਿਵੇਂ ਪਾਣੀ (ਕੱਪੜਿਆਂ ਦੀ) ਮੈਲ ਦੂਰ ਕਰ ਦੇਂਦਾ ਹੈ ॥੧॥
ਹੇ ਮੇਰੇ ਮਨ! (ਜਿਹੜੇ ਮਨੁੱਖ) ਹਰ ਖਿਨ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ,
(ਕਾਮਾਦਿਕ) ਪੰਜ ਵਿਕਾਰ ਜੋ ਕਾਬੂ ਵਿਚ ਨਹੀਂ ਆ ਸਕਦੇ ਤੇ ਜੋ (ਆਮ ਤੌਰ ਤੇ ਜੀਵਾਂ ਦੇ) ਸਰੀਰ ਵਿਚ (ਟਿਕੇ ਰਹਿੰਦੇ ਹਨ), (ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ ਵਿਚੋਂ) ਇਕ ਖਿਨ-ਪਲ ਵਿਚ ਹੀ ਦੂਰ ਕਰ ਦੇਂਦਾ ਹੈ ॥੨॥
ਹੇ ਮੇਰੇ ਮਨ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਵਾਲੇ ਬੰਦੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਦੇ ਰਹਿੰਦੇ ਹਨ।
ਹੇ ਪ੍ਰਭੂ! ਇਹੋ ਜਿਹੇ ਭਗਤਾਂ ਦੀ ਸੰਗਤ ਮੈਨੂੰ ਬਖ਼ਸ਼! ਮੇਰੇ ਵਰਗੇ ਅਨੇਕਾਂ ਮੂਰਖ (ਉਹਨਾਂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੩॥
ਹੇ ਜਗਤ ਦੇ ਆਸਰੇ ਪ੍ਰਭੂ! ਮਿਹਰ ਕਰ, ਮਿਹਰ ਕਰ ਮੈਂ ਤੇਰੀ ਸਰਨ ਪਿਆ ਹਾਂ, ਮੈਨੂੰ (ਇਹਨਾਂ ਪੰਜਾਂ ਤੋਂ) ਬਚਾ ਲੈ।
ਹੇ ਹਰੀ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ (ਨਾਨਕ ਦੀ) ਇੱਜ਼ਤ ਰੱਖ ਲੈ ॥੪॥੧॥
ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ।
(ਪਰ) ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ (ਸਿਰਫ਼ ਉਸ ਮਨੁੱਖ ਨੇ) ਜਪਿਆ ਹੈ (ਜਿਸ ਉਤੇ) ਪਰਮਾਤਮਾ ਨੇ ਆਪ ਮਿਹਰ ਕੀਤੀ ਹੈ ॥੧॥ ਰਹਾਉ ॥
ਮਾਲਕ-ਪ੍ਰਭੂ ਅਪਹੁੰਚ ਹੈ, ਇੰਦ੍ਰਿਆਂ ਦੀ ਰਾਹੀਂ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਦੇ ਭਗਤ ਉਸ ਦਾ ਨਾਮ ਜਪ ਕੇ (ਇਉਂ ਹੋ ਜਾਂਦੇ ਹਨ, ਜਿਵੇਂ) ਪਾਣੀ ਵਿਚ ਪਾਣੀ ਮਿਲ ਕੇ (ਇੱਕ-ਰੂਪ ਹੋ ਜਾਂਦਾ ਹੈ)।
ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤ ਵਿਚ) ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥
ਜਿਸ ਸੇਵਕ ਨੇ ਉੱਤਮ ਪੁਰਖ ਪ੍ਰਭੂ ਦਾ ਨਾਮ ਜਪਿਆ, ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਿੱਦਰ ਨਾਸ ਕਰ ਦਿੱਤੇ।
ਮਨੁੱਖਾ ਸਰੀਰ ਵਿਚ ਕਾਮਾਦਿਕ ਪੰਜ ਬਲੀ ਵਿਕਾਰ ਵੱਸਦੇ ਹਨ, (ਨਾਮ ਜਪਣ ਵਾਲੇ ਦੇ ਅੰਦਰੋਂ) ਪ੍ਰਭੂ ਇਹ ਵਿਕਾਰ ਇਕ ਖਿਨ ਵਿਚ ਨਾਸ ਕਰ ਦੇਂਦਾ ਹੈ ॥੨॥
ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਨੇ (ਆਪਣੇ ਚਰਨਾਂ ਵਿਚ) ਪ੍ਰੀਤ ਇਉਂ ਲਾਈ ਹੈ, ਜਿਵੇਂ (ਚਕੋਰ) ਚੰਦ੍ਰਮਾ ਨੂੰ (ਪਿਆਰ ਨਾਲ) ਵੇਖਦਾ ਹੈ, ਜਿਵੇਂ (ਭੌਰਾ) ਕੌਲ ਫੁੱਲ ਨੂੰ ਵੇਖਦਾ ਹੈ,
ਜਿਵੇਂ ਪੈਲ ਪਾਂਦਾ ਮੋਰ ਆਪਣੇ ਮਨ ਵਿਚ (ਤਦੋਂ) ਖ਼ੁਸ਼ ਹੁੰਦਾ ਹੈ (ਜਦੋਂ) ਬੱਦਲ ਝੁਕਦਾ ਹੈ ਤੇ ਬਹੁਤ ਗੱਜਦਾ ਹੈ ॥੩॥
ਮੇਰੇ ਮਾਲਕ-ਪ੍ਰਭੂ ਨੇ ਮੇਰੇ ਅੰਦਰ (ਆਪਣੇ ਨਾਮ ਦੀ) ਲਗਨ ਲਾ ਦਿੱਤੀ ਹੈ, ਮੈਂ ਉਸ ਨੂੰ ਵੇਖ ਵੇਖ ਕੇ ਉਸ ਦੇ ਚਰਨਾਂ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
ਹੇ ਦਾਸ ਨਾਨਕ! ਹੇ ਹਰੀ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਹੈ, ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਇਸੇ ਵਿਚ ਹੀ ਮੈਨੂੰ ਸੋਹਣਾ ਆਨੰਦ ਹੈ ॥੪॥੨॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ।