ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ)।
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ ॥੪॥੧॥
ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ।
ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ॥੧॥
ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ,
ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ।
ਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ) ॥੨॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ)।
ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ॥੩॥
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ।
ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ॥੪॥੨॥
ਹੇ ਭਾਈ! ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ।
ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ,
ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ।
(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ॥੨॥
ਹੇ ਭਾਈ! ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ।
ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ ॥੩॥
(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ॥੪॥੩॥
ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ)।
ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ॥੧॥
ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ।
(ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥
ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ।
(ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ॥੨॥
ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ।
ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ ॥੩॥
ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ।
ਨਾਨਕ ਆਖਦਾ ਹੈ- ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) ॥੪॥੪॥