ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥
(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,
ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।
ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,
ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥
ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);
ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।
ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,
ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥
ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,
ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।
ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,
ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥
ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?
ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥
ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;
ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,
ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ ॥
(ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।
(ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥
(ਹੇ ਭੈਣ!) ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।
(ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥
ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,
ਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥
(ਉਸ ਮਨੁੱਖ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ,
(ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ),
ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ)
ਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ ॥੧॥
ਮੈਨੂੰ ਪਿਆਰਾ ਰਾਮ ਮਿਲ ਪਿਆ ਹੈ,
ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ ॥
ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ,
ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।
(ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ)
ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ॥੨॥
(ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ),
ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।
ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ,
ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ ॥੩॥੩॥
ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ।
(ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ।
ਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ ॥
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,
ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥