ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ-
ਹੇ ਸੋਹਣੇ ਹਰੀ! ਕਿਰਪਾ ਕਰ ਕੇ (ਸਾਨੂੰ) ਬਚਾ ਲੈ ॥੧॥
ਹੇ ਨਾਰਾਇਣ! (ਅਸੀਂ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ।
ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ॥੧॥ ਰਹਾਉ ॥
ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! (ਮੈਨੂੰ ਗੁਰੂ ਦੀ ਸੰਗਤਿ ਬਖ਼ਸ਼)
ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ॥੨॥
ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! (ਆਪਣੀ ਸਿਫ਼ਤਿ-ਸਾਲਾਹ ਬਖ਼ਸ਼),
ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ ॥੩॥
ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ,
ਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ ॥੪॥
ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ ॥੫॥
ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ,
ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ ॥੬॥
ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,
ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ ॥੭॥
ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ।
ਹੇ ਨਾਨਕ! ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ ॥੮॥੧॥੨॥
ਰਾਗ ਸੂਹੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਉਹਨਾਂ ਗੁਰਮੁਖਾਂ ਦਾ ਸਾਥ ਕਿਵੇਂ ਪ੍ਰਾਪਤ ਹੋਵੇ, ਜਿਨ੍ਹਾਂ ਦਾ ਦਰਸਨ ਕੀਤਿਆਂ ਮਨ ਖਿੜ ਆਉਂਦਾ ਹੈ?
ਹੇ ਭਾਈ! ਉਹੀ ਮਨੁੱਖ (ਮੇਰੇ ਵਾਸਤੇ) ਸੱਜਣ ਹਨ, ਸੰਤ ਹਨ, ਮੇਰੇ ਅਸਲ ਮੇਲੀ ਹਨ, ਜੇਹੜੇ ਪਰਮਾਤਮਾ ਨਾਲ ਮੇਰਾ ਪਿਆਰ ਜੋੜ ਦੇਣ।
ਹੇ ਪ੍ਰਭੂ! (ਮੇਹਰ ਕਰ) ਉਹਨਾਂ ਨਾਲੋਂ ਮੇਰਾ ਪਿਆਰ ਨਾਹ ਟੁੱਟੇ, ਉਹਨਾਂ ਨਾਲ ਮੇਰਾ ਕਦੇ ਅਜੋੜ ਨਾਹ ਹੋਵੇ ॥੧॥
ਹੇ ਪਾਰਬ੍ਰਹਮ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ।
ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਨ ਦੇ ਮੇਲੀਓ! ਆ ਕੇ ਮਿਲੋ (ਇਕੱਠੇ ਬੈਠੀਏ, ਤੇ,) ਪਰਮਾਤਮਾ ਦਾ ਨਾਮ ਜਪੀਏ ॥੧॥ ਰਹਾਉ ॥
ਹੇ ਭਾਈ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ (ਆਤਮਕ ਜੀਵਨ ਵਲੋਂ) ਅੰਨ੍ਹਾ ਹੋ ਜਾਂਦਾ ਹੈ, ਉਹ (ਅਸਲੀਅਤ ਨੂੰ) ਨਾਹ ਵੇਖ ਸਕਦਾ ਹੈ, ਨਾਹ ਸੁਣ ਸਕਦਾ ਹੈ, ਨਾਹ ਸਮਝ ਸਕਦਾ ਹੈ।
(ਉਸ ਨੂੰ ਇਹ ਨਹੀਂ ਸੁੱਝਦਾ ਕਿ) ਕੱਚੇ ਘੜੇ ਵਰਗਾ ਇਹ ਸਰੀਰ ਨਾਸ ਹੋਣ ਵਾਲਾ ਹੈ, ਉਹ ਹਰ ਵੇਲੇ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।
ਹੇ ਭਾਈ! ਜੇਹੜੇ ਮਨੁੱਖ ਪੂਰੇ ਗੁਰੂ ਦਾ ਮਿਲਾਪ (ਹਾਸਲ ਕਰ ਕੇ) ਪਰਮਾਤਮਾ ਦਾ ਨਾਮ ਜਪਦੇ ਹਨ, ਉਹ (ਮਨੁੱਖਾ ਜੀਵਨ ਦੀ ਬਾਜ਼ੀ) ਜਿੱਤ ਕੇ ਇਥੋਂ ਜਾਂਦੇ ਹਨ ॥੨॥
ਹੇ ਭਾਈ! ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜੀਵ) ਜਗਤ ਵਿਚ ਆਉਂਦਾ ਹੈ, ਹੁਕਮ ਅਨੁਸਾਰ ਢੋ ਢੁਕਣ ਨਾਲ (ਜੀਵ ਦਾ ਇਥੋਂ) ਕੂਚ ਹੋ ਜਾਂਦਾ ਹੈ।
ਪ੍ਰਭੂ ਦੀ ਰਜ਼ਾ ਵਿਚ ਹੀ ਜਗਤ-ਖਿਲਾਰਾ ਖਿਲਰਿਆ ਹੈ, ਰਜ਼ਾ ਵਿਚ ਹੀ ਜੀਵ ਇਥੇ ਰਸਾਂ ਦੇ ਭੋਗ ਭੋਗਦਾ ਹੈ।
(ਇਹਨਾਂ ਰਸਾਂ ਵਿਚ ਫਸ ਕੇ) ਜਿਸ ਮਨੁੱਖ ਨੂੰ ਕਰਤਾਰ ਭੁੱਲ ਜਾਂਦਾ ਹੈ, ਇਹ ਵਿਛੋੜਾ ਉਸ ਦੇ ਅੰਦਰ ਚਿੰਤਾ-ਫ਼ਿਕਰ ਪਾਈ ਰੱਖਦਾ ਹੈ ॥੩॥
ਹੇ ਭਾਈ! ਜੇਹੜਾ ਮਨੁੱਖ ਆਪਣੇ ਪ੍ਰਭੂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ, ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।
ਉਸ ਨੂੰ ਇਸ ਲੋਕ ਵਿਚ ਸੁਖ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਉਹ ਸੁਰਖ਼-ਰੂ ਹੁੰਦਾ ਹੈ (ਕਿਉਂਕਿ ਉਹ) ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹਿੰਦਾ ਹੈ।
ਉਸ ਨੇ (ਇਥੇ) ਚੰਗੀ ਭਾਵਨਾ ਨਾਲ ਗੁਰੂ ਦਾ ਆਸਰਾ ਲਈ ਰੱਖਿਆ, (ਇਸ ਵਾਸਤੇ) ਪਰਮਾਤਮਾ ਨੇ ਉਸ ਨੂੰ ਆਦਰ ਬਖ਼ਸ਼ਿਆ ॥੪॥
ਹੇ ਭਾਈ! ਜੇਹੜਾ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ, ਜੇਹੜਾ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ,
ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਖ਼ਜ਼ਾਨਾ ਇਕੱਠਾ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਹ ਆਪਣਾ ਧਨ-ਪਦਾਰਥ ਬਣਾਂਦਾ ਹੈ।
ਜਦੋਂ ਉਹ ਆਪ ਹੀ ਜਿਸ ਜੀਵ ਉਤੇ ਦਇਆਵਾਨ ਹੁੰਦਾ ਹੈ ਉਸ ਦੇ ਮਨ ਤੋਂ ਉਹ ਕਦੇ ਭੀ ਨਹੀਂ ਭੁੱਲਦਾ ॥੫॥