ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਧੰਨ ਹੈ ਉਹ ਕਰਤਾਰ ਸਰਬ-ਵਿਆਪਕ ਹਰੀ, ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ।
ਧੰਨ ਹੈ ਸਤਿਗੁਰੂ ਨਾਨਕ, ਜਿਸ ਨੇ (ਹੇ ਗੁਰੂ ਅੰਗਦ!) ਤੇਰੇ ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ।
ਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ। (ਤੇਰੇ ਹਿਰਦੇ ਵਿਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵੱਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਭਿੱਜ ਗਏ।
(ਹੇ ਗੁਰੂ ਅੰਗਦ!) ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ, ਤੇ ਕਾਮਾਦਿਕ ਪੰਜਾਂ ਨੂੰ ਹੀ ਇੱਕ ਥਾਂ ਇਕੱਠਾ ਕਰ ਕੇ ਕਾਬੂ ਕਰ ਲਿਆ।
(ਹੇ ਗੁਰੂ ਅੰਗਦ!) ਗੁਰੂ (ਨਾਨਕ) ਦੇ ਦਰ ਤੇ ਪੈ ਕੇ ਤੂੰ ਜਗਤ ਨੂੰ ਜਿੱਤ ਲਿਆ ਹੈ, ਤੂੰ ਸਮਤਾ ਦੀ ਬਾਜ਼ੀ ਖੇਲ ਰਿਹਾ ਹੈਂ; (ਭਾਵ, ਤੂੰ ਸਭ ਇੱਕ ਦ੍ਰਿਸ਼ਟੀ ਨਾਲ ਵੇਖ ਰਿਹਾ ਹੈਂ)। ਨਿਰੰਕਾਰ ਵਿਚ ਲਿਵ ਰੱਖਣ ਕਰ ਕੇ ਤੇਰੀ ਬ੍ਰਿਤੀ ਦਾ ਪ੍ਰਵਾਹ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਹੇ ਕਲਸਹਾਰ! ਆਖ- ਹਰੀ-ਰੂਪ ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਭਾਵ, ਗੁਰੂ ਨਾਨਕ ਦੀ ਚਰਨੀਂ ਲੱਗ ਕੇ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ॥੧॥
ਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ।
ਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ।
(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ।
ਹੇ ਕਲਸਹਾਰ! ਆਖ- ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੨॥
(ਹੇ ਗੁਰੂ ਅੰਗਦ!) ਤੂੰ ਤਾਂ (ਅਕਾਲ ਪੁਰਖ ਦੇ) ਅਪਾਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਤੇਰੀ ਨਿਰਮਲ ਸੋਭਾ ਖਿੱਲਰੀ ਹੋਈ ਹੈ। ਤੂੰ ਸਾਧਿਕ ਸਿੱਧ ਅਤੇ ਸੰਤ ਜਨਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।
(ਹੇ ਗੁਰੂ ਅੰਗਦ!) ਤੂੰ ਤਾਂ (ਨਿਰਲੇਪਤਾ ਵਿਚ) ਰਾਜਾ ਜਨਕ ਦਾ ਅਵਤਾਰ ਹੈਂ (ਭਾਵ, ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ)। ਜਗਤ ਵਿਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ।
(ਹੇ ਗੁਰੂ ਅੰਗਦ!) ਤੂੰ ਕਲਪ ਰੁੱਖ ਹੈਂ, ਰੋਗਾਂ ਦੇ ਦੂਰ ਕਰਨ ਵਾਲਾ ਹੈਂ, ਸੰਸਾਰ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈਂ। ਸਾਰੇ ਸੰਸਾਰੀ ਜੀਵ ਤੇਰੇ (ਚਰਨਾਂ) ਵਿਚ ਇੱਕ-ਰਸ ਲਿਵ ਲਾਈ ਬੈਠੇ ਹਨ।
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸੱਤਾਂ ਦੀਪਾਂ ਵਿਚ ਫੈਲ ਰਹੀ ਹੈ ॥੩॥
(ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ,
(ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ।
ਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ।
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੪॥
(ਹੇ ਗੁਰੂ ਅੰਗਦ!) ਦ੍ਰਿਸ਼ਟੀ ਕਰਦਿਆਂ ਹੀ ਤੂੰ (ਅਗਿਆਨ-ਰੂਪ) ਹਨੇਰੇ ਨੂੰ ਦੂਰ ਕਰ ਦੇਂਦਾ ਹੈਂ; ਤੂੰ ਪਾਪ ਸਾੜਨ ਵਾਲਾ ਹੈਂ, ਅਤੇ ਪਾਪ ਨਾਸ ਕਰਨ ਵਾਲਾ ਹੈਂ।
ਤੂੰ ਸ਼ਬਦ ਦਾ ਸੂਰਮਾ ਹੈਂ ਤੇ ਬਲਵਾਨ ਹੈਂ, ਕਾਮ ਅਤੇ ਕ੍ਰੋਧ ਨੂੰ ਤੂੰ ਨਾਸ ਕਰ ਦੇਂਦਾ ਹੈਂ।
(ਹੇ ਗੁਰੂ ਅੰਗਦ!) ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ, ਸਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈਂ,
ਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ।
ਹੇ ਕਲ੍ਯ੍ਯਸਹਾਰ! ਸਤਿਗੁਰੂ (ਅੰਗਦ ਦੇਵ) ਸ਼ਿਰੋਮਣੀ ਗੁਰੂ ਹੈ। ਜੋ ਮਨੁੱਖ ਸਰਧਾ ਧਾਰ ਕੇ ਉਸ ਦੀ ਚਰਨੀਂ ਲੱਗਦਾ ਹੈ ਉਹ ਤਰ ਜਾਂਦਾ ਹੈ।
ਜਗਤ ਦਾ ਗੁਰੂ, ਬਾਬਾ ਫੇਰੂ (ਜੀ) ਦਾ ਸੁਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ ॥੫॥