ਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ।
ਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ।
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥
ਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ।
ਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।
ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ।
ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।
ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥
(ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ।
ਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ।
ਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ।
ਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ।
ਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ।
ਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੀਏ ॥੧॥
ਹਰੀ ਪ੍ਰਭੂ (ਹੀ ਅਸਲ) ਮਿੱਤਰ ਹੈ, ਹਰੀ ਦਾ ਨਾਮ ਹੀ (ਨਾਲ ਨਿਭਣ ਵਾਲਾ) ਮਿੱਤਰ ਹੈ; ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਹਿਰਦੇ ਵਿਚ (ਹਰੀ ਦਾ) ਨਾਮ ਵੱਸ ਰਿਹਾ ਹੈ।
ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਸਿਮਰਿਆਂ) ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਹਰੀ ਦਾ ਨਾਮ ਸੁਣ ਕੇ (ਮਨ ਵਿਚ) ਸ਼ਾਂਤੀ ਪੈਦਾ ਹੁੰਦੀ ਹੈ ॥੨॥
ਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ।
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।
ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ।
ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ।
ਤੁਸੀਂ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ ॥੬॥
(ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ), (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ।
ਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ ॥੧॥
ਸਿਰਫ਼ ਇਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ, ਇਕ ਪਰਮਾਤਮਾ ਹੀ (ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ।
ਇਕ ਪ੍ਰਭੂ ਹੀ ਦਾਸ ਨਾਨਕ (ਦੀ ਜ਼ਿੰਦਗੀ ਦਾ) ਆਸਰਾ ਹੈ, ਇਕ ਪ੍ਰਭੂ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ (ਤੇ ਲੋਕ ਪਰਲੋਕ ਦੀ) ਇੱਜ਼ਤ ਹਾਸਲ ਹੁੰਦੀ ਹੈ ॥੨॥
ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ।
(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ।
ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ।