ਆਖ਼ਰ ਇਹ ਧਨ ਵੈਰ-ਵਿਰੋਧ ਪੈਦਾ ਕਰ ਦੇਂਦਾ ਹੈ (ਤੇ ਧਨ ਦੀ ਖ਼ਾਤਰ ਕੀਤੇ ਪਾਪਾਂ ਤੋਂ) ਕੋਈ ਛਡਾ ਨਹੀਂ ਸਕਦਾ।
ਹੇ ਨਾਨਕ! ਨਾਮ ਤੋਂ ਵਾਂਜੇ ਰਹਿ ਕੇ ਇਹ ਮੋਹ ਫਿਟਕਾਰ-ਜੋਗ ਹੈ, ਕਿਉਂਕਿ ਇਸ ਮੋਹ ਵਿਚ ਲੱਗ ਕੇ ਮਨੁੱਖ ਦੁੱਖ ਪਾਂਦਾ ਹੈ ॥੩੨॥
ਗੁਰੂ ਦੇ ਪਾਸ ਪ੍ਰਭੂ ਦਾ ਨਾਮ ਇਕ ਐਸਾ ਪਵਿਤ੍ਰ ਭੋਜਨ ਹੈ ਜਿਸ ਦੇ ਖਾਣ ਨਾਲ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ,
(ਮਾਇਆ ਦੀ) ਤ੍ਰਿਸ਼ਨਾ ਉੱਕਾ ਹੀ ਨਹੀਂ ਰਹਿੰਦੀ, ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ।
ਪ੍ਰਭੂ ਦਾ ਨਾਮ ਵਿਸਾਰ ਕੇ ਖਾਣ-ਪੀਣ ਦਾ ਜੋ ਭੀ ਕੋਈ ਹੋਰ ਚਸਕਾ (ਮਨੁੱਖ ਨੂੰ ਲੱਗਦਾ) ਹੈ ਉਸ ਦੀ ਰਾਹੀਂ (ਤ੍ਰਿਸ਼ਨਾ ਦਾ) ਰੋਗ ਸਰੀਰ ਵਿਚ ਬੜਾ ਡੂੰਘਾ ਅਸਰ ਪਾ ਕੇ ਆ ਗ੍ਰਸਦਾ ਹੈ।
ਹੇ ਨਾਨਕ! ਜੇ ਮਨੁੱਖ (ਮਾਇਆ ਦੇ) ਅਨੇਕਾਂ ਕਿਸਮ ਦੇ ਸੁਆਦਾਂ ਦੇ ਥਾਂ ਗੁਰੂ ਦੇ ਸ਼ਬਦ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਆਪ ਹੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥
ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਜੀਵਾਂ ਦੇ ਅੰਦਰ ਜ਼ਿੰਦਗੀ ਹੈ, ਇਸ ਸਿਫ਼ਤ-ਸਾਲਾਹ ਦੀ ਰਾਹੀਂ ਖਸਮ-ਪ੍ਰਭੂ ਨਾਲ (ਜੀਵ ਦਾ) ਮਿਲਾਪ ਹੁੰਦਾ ਹੈ;
ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਜਗਤ ਵਿਚ (ਆਤਮਕ ਜੀਵਨ ਵਲੋਂ) ਹਨੇਰਾ ਹੈ, ਸ਼ਬਦ ਦੀ ਰਾਹੀਂ ਹੀ (ਹਨੇਰਾ ਦੂਰ ਹੋ ਕੇ, ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੁੰਦਾ ਹੈ।
ਮੁਨੀ ਲੋਕ ਤੇ ਪੰਡਿਤ (ਧਾਰਮਿਕ ਪੁਸਤਕਾਂ) ਪੜ੍ਹ ਪੜ੍ਹ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਉਤੇ ਇਸ਼ਨਾਨ ਕਰ ਕਰ ਕੇ ਥੱਕ ਗਏ,
ਪਰ ਸਿਫ਼ਤ-ਸਾਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਭੀ ਖਸਮ ਪ੍ਰਭੂ ਨਹੀਂ ਮਿਲਿਆ, ਸਭ ਦੁਖੀ ਹੋ ਕੇ ਰੋ ਕੇ ਹੀ ਇਥੋਂ ਗਏ।
ਹੇ ਨਾਨਕ! ਸਿਫ਼ਤ-ਸਾਲਾਹ ਭੀ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ, ਪ੍ਰਭੂ ਦੀ ਬਖ਼ਸ਼ਸ਼ ਨਾਲ ਹੀ ਪ੍ਰਾਪਤ ਹੁੰਦੀ ਹੈ ॥੨॥
(ਜੇ) ਮਨੁੱਖ ਦਾ (ਆਪਣੀ) ਇਸਤ੍ਰੀ ਨਾਲ ਬਹੁਤ ਪਿਆਰ ਹੈ (ਤਾਂ ਇਸ ਦਾ ਸਿੱਟਾ ਆਮ ਤੌਰ ਤੇ ਇਹੀ ਨਿਕਲਦਾ ਹੈ ਕਿ) ਬੈਠ ਕੇ ਕੋਈ ਵਿਕਾਰ ਦੀ ਚਿਤਵਨੀ ਹੀ ਚਿਤਵਦਾ ਹੈ (ਤੇ ਨਾਸਵੰਤ ਨਾਲ ਮੋਹ ਵਧਦਾ ਜਾਂਦਾ ਹੈ);
ਪਰ, ਮੇਰੇ ਪ੍ਰਭੂ ਦਾ ਭਾਣਾ ਇਹ ਹੈ ਕਿ ਜੋ ਕੁਝ (ਅੱਖੀਂ) ਦਿੱਸਦਾ ਹੈ ਇਹ ਸਭ ਨਾਸ ਹੋ ਜਾਣਾ ਹੈ।
ਫਿਰ ਕੋਈ ਐਸਾ ਉਪਾਉ ਲੱਭੋ ਜਿਸ ਕਰ ਕੇ ਜਗਤ ਵਿਚ ਸਦਾ ਟਿਕੇ ਰਹਿ ਸਕੀਏ (ਭਾਵ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨਾਲ ਇਕ-ਸੁਰ ਹੋ ਸਕੀਏ),
(ਉਹ ਉਪਾਉ) ਪੂਰੇ ਸਤਿਗੁਰੂ ਦੀ (ਦੱਸੀ) ਸੇਵਾ-ਭਗਤੀ ਹੀ ਹੈ ਜਿਸ ਕਰਕੇ ਸਾਰਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿ ਸਕਦਾ ਹੈ।
ਹੇ ਨਾਨਕ! ਜਿਨ੍ਹਾਂ ਨੂੰ ਉਸ ਪ੍ਰਭੂ ਨੇ ਮਿਹਰ ਕਰ ਕੇ (ਆਪਣੇ ਨਾਲ) ਮਿਲਾਇਆ ਹੈ ਉਹ ਉਸ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩੩॥
ਮਾਇਆ ਦੇ ਮੋਹ ਵਿਚ ਪੈ ਕੇ ਮਨੁੱਖ ਗੁਰੂ ਦਾ ਅਦਬ ਭੁਲਾ ਦੇਂਦਾ ਹੈ, ਤੇ (ਇਹ ਭੀ) ਵਿਸਾਰ ਦੇਂਦਾ ਹੈ ਕਿ ਗੁਰੂ (ਕਿਤਨਾ) ਬੇਅੰਤ ਪਿਆਰ (ਇਸ ਨਾਲ ਕਰਦਾ ਹੈ);
ਲੋਭ-ਲਹਿਰ ਵਿਚ ਫਸ ਕੇ ਇਸ ਦੀ ਅਕਲ-ਹੋਸ਼ ਗੁੰਮ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਵਿਚ ਇਸ ਦਾ ਪਿਆਰ ਨਹੀਂ ਬਣਦਾ।
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਣ ਦਾ ਰਾਹ ਲੱਭ ਪੈਂਦਾ ਹੈ;
ਹੇ ਨਾਨਕ! ਬਖ਼ਸ਼ਣਹਾਰ ਪ੍ਰਭੂ ਆਪ ਹੀ ਗੁਰਮੁਖਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ॥੧॥
ਨਾਨਕ ਆਖਦਾ ਹੈ- ਜਿਸ ਪ੍ਰਭੂ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦਾ, ਜਿਸ ਨੂੰ ਇਕ ਘੜੀ ਭੀ ਵਿਸਾਰਿਆਂ ਨਿੱਭਦੀ ਨਹੀਂ,
ਹੇ ਮਨ! ਜਿਸ ਪ੍ਰਭੂ ਨੂੰ ਅਸਾਡਾ (ਹਰ ਵੇਲੇ) ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ॥੨॥
ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਸਿਮਰਦਾ ਹੈ (ਉਸ ਦੇ ਵਾਸਤੇ, ਮਾਨੋ) ਇਕ-ਰਸ ਵਰ੍ਹਨ ਵਾਲਾ ਸਾਵਣ (ਦਾ ਮਹੀਨਾ) ਆ ਜਾਂਦਾ ਹੈ,
ਜਦੋਂ ਝੜੀ ਲਾ ਕੇ ਮੀਂਹ ਵੱਸਦਾ ਹੈ, ਘੁੰਮਾ ਤੇ ਲੋਕਾਂ ਦੇ ਦੁੱਖ ਤੇ ਭੁੱਖਾਂ ਸਭ ਦੂਰ ਕਰ ਦੇਂਦਾ ਹੈ,
(ਕਿਉਂਕਿ) ਸਾਰੀ ਧਰਤੀ ਉਤੇ ਹਰਿਆਉਲ ਹੀ ਦਿੱਸਦੀ ਹੈ ਤੇ ਢੇਰਾਂ ਦੇ ਢੇਰ ਅੰਨ ਪੈਦਾ ਹੁੰਦਾ ਹੈ;
(ਇਸੇ ਤਰ੍ਹਾਂ, ਗੁਰਮੁਖ ਨੂੰ) ਅਚਿੰਤ ਪ੍ਰਭੂ ਆਪ ਹੀ ਮਿਹਰ ਕਰ ਕੇ ਆਪਣੇ ਨੇੜੇ ਲਿਆਉਂਦਾ ਹੈ, ਉਸ ਦੀ ਮਿਹਨਤ ਨੂੰ ਆਪ ਹੀ ਪ੍ਰਵਾਨ ਕਰਦਾ ਹੈ।
ਹੇ ਸੰਤ ਜਨੋ! ਉਸ ਪ੍ਰਭੂ ਨੂੰ ਯਾਦ ਕਰੋ ਜੋ ਆਖ਼ਰ (ਇਹਨਾਂ ਦੁੱਖਾਂ ਭੁੱਖਾਂ ਤੋਂ) ਖ਼ਲਾਸੀ ਦਿਵਾਉਂਦਾ ਹੈ।
ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਬੰਦਗੀ ਵਿਚ ਹੀ (ਅਸਲ) ਆਨੰਦ ਹੈ, ਸਦਾ ਲਈ ਮਨ ਵਿਚ ਸੁਖ ਆ ਵੱਸਦਾ ਹੈ।
ਜਿਨ੍ਹਾਂ ਗੁਰਮੁਖਾਂ ਨੇ ਨਾਮ ਸਿਮਰਿਆ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
ਦਾਸ ਨਾਨਕ ਭੀ ਪ੍ਰਭੂ ਦੇ ਗੁਣ ਗਾ ਗਾ ਕੇ ਹੀ (ਮਾਇਆ ਵਲੋਂ) ਤ੍ਰਿਪਤ ਹੈ (ਤੇ ਅਰਜ਼ੋਈ ਕਰਦਾ ਹੈ-) ਹੇ ਹਰੀ! ਮਿਹਰ ਕਰ ਕੇ ਦੀਦਾਰ ਦੇਹ ॥੩॥
ਪੂਰੇ ਸਤਿਗੁਰੂ ਦੀ ਦਿੱਤੀ ਹੋਈ (ਨਾਮ ਦੀ) ਦਾਤ ਜੋ ਉਹ ਸਦਾ ਦੇਂਦਾ ਹੈ ਵਧਦੀ ਰਹਿੰਦੀ ਹੈ
; (ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤਿ) ਦਿਆਲ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ;
(ਜਿਸ ਮਨੁੱਖ ਉਤੇ ਗੁਰੂ ਵਲੋਂ ਬਖ਼ਸ਼ਸ਼ ਹੋਵੇ ਉਸ ਦੇ) ਹਿਰਦੇ ਦਾ ਕਉਲ ਫੁੱਲ ਖਿੜ ਪੈਂਦਾ ਹੈ, ਉਹ ਪੂਰਨ ਖਿੜਾਉ ਵਿਚ ਟਿਕਿਆ ਰਹਿੰਦਾ ਹੈ;
ਜੋ ਮਨੁੱਖ ਉਸ ਦੀ ਬਰਾਬਰੀ ਕਰਨ ਦਾ ਜਤਨ ਕਰਦਾ ਹੈ ਉਹ ਨਮੋਸ਼ੀ ਹੀ ਖੱਟਦਾ ਹੈ।
ਹੇ ਨਾਨਕ! ਪੂਰੇ ਗੁਰੂ ਦੀ ਬਖ਼ਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ ॥੩੪॥