ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਆਤਮਕ ਅਡੋਲਤਾ ਦਾ ਸੋਮਾ ਲੱਭ ਲਿਆ ਹੈ। ਮੈਂ ਪਰਮਾਤਮਾ ਦੀ ਭਗਤੀ ਦੇ ਭੰਡਾਰੇ ਖ਼ਜ਼ਾਨੇ ਲੱਭ ਲਏ ਹਨ ॥੨॥੧੦॥੩੩॥
ਹੇ ਮੋਹਨ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ ਹਨ), ਤੂੰ ਹੀ (ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ) ਪਾਰ ਲੰਘਾਂਦਾ ਹੈਂ।
ਤੇਰੀ ਰਤਾ ਜਿਤਨੀ ਮਿਹਰ (ਦੀ ਨਿਗਾਹ) ਨਾਲ ਵੱਡੇ ਵੱਡੇ ਨਿਰਦਈ ਬੰਦੇ ਭੀ ਅੱਤਿਆਚਾਰਾਂ ਵਲੋਂ ਹਟ ਜਾਂਦੇ ਹਨ ॥੧॥ ਰਹਾਉ ॥
ਹੇ ਮੋਹਨ! (ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ) ਅਰਦਾਸ ਬੇਨਤੀ ਕਰਦੇ ਹਨ, (ਤੈਨੂੰ ਹੀ) ਪਲ ਪਲ ਹਿਰਦੇ ਵਿਚ ਵਸਾਂਦੇ ਹਨ।
ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਮੋਹਨ! ਜਦੋਂ ਤੂੰ ਦਇਆਵਾਨ ਹੁੰਦਾ ਹੈਂ, ਤਾਂ ਆਪਣੇ ਹੱਥ ਦੇ ਕੇ (ਜੀਵਾਂ ਨੂੰ ਦੁੱਖਾਂ ਤੋਂ) ਪਾਰ ਲੰਘਾ ਲੈਂਦਾ ਹੈਂ ॥੧॥
(ਹੇ ਮੋਹਨ!) ਇਹਨਾਂ ਵਿਚਾਰੇ ਰਾਜਿਆਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ (ਸਭ ਤੇਰਾ ਹੀ ਖੇਲ-ਤਮਾਸ਼ਾ ਹੈ)।
ਹੇ ਸੁਖਾਂ ਦੇ ਦੇਣ ਵਾਲੇ! (ਅਸਾਂ ਜੀਵਾਂ ਦੀ) ਰੱਖਿਆ ਕਰ, ਰੱਖਿਆ ਕਰ, ਰੱਖਿਆ ਕਰ। ਹੇ ਨਾਨਕ! ਸਾਰਾ ਜਗਤ ਤੇਰਾ ਹੀ (ਰਚਿਆ ਹੋਇਆ) ਹੈ ॥੨॥੧੧॥੩੪॥
(ਗੁਰੂ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।
(ਇਸ ਧਨ ਦੀ ਬਰਕਤਿ ਨਾਲ) ਮੈਂ ਬੇ-ਫ਼ਿਕਰ ਹੋ ਗਿਆ ਹਾਂ, (ਮੇਰੇ ਅੰਦਰੋਂ) ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ (ਧੁਰ ਦਰਗਾਹ ਤੋਂ ਹੀ) ਇਹ (ਪ੍ਰਾਪਤੀ ਦਾ) ਲੇਖ ਮੱਥੇ ਉੱਤੇ ਲਿਖਿਆ ਹੋਇਆ ਸੀ ॥੧॥ ਰਹਾਉ ॥
ਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ, ਆਖ਼ਿਰ ਭਟਕ ਭਟਕ ਕੇ (ਗੁਰੂ ਦੀ ਕਿਰਪਾ ਨਾਲ) ਮੈਂ ਸਰੀਰ-ਪਿੰਡ ਵਿਚ ਆ ਪਹੁੰਚਿਆ।
ਕਿਰਪਾਲ ਗੁਰੂ ਨੇ ਇਹ ਵਣਜ ਕਰਾ ਦਿੱਤਾ ਕਿ (ਸਰੀਰ ਦੇ ਅੰਦਰੋਂ ਹੀ) ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ ॥੧॥
(ਪਰਮਾਤਮਾ ਦੇ ਨਾਮ ਤੋਂ ਬਿਨਾ) ਹੋਰ ਜਿਹੜੇ ਜਿਹੜੇ ਭੀ ਵਣਜ ਵਪਾਰ ਕਰੀਦੇ ਹਨ, ਉਹ ਸਾਰੇ ਦੁੱਖ ਸਹਾਰਨ (ਦਾ ਸਬਬ ਬਣਦੇ ਹਨ)।
ਹੇ ਨਾਨਕ! ਪਰਮਾਤਮਾ ਦੇ ਭਜਨ ਦੇ ਵਪਾਰੀ ਬੰਦੇ (ਦੁਨੀਆ ਦੇ) ਡਰਾਂ ਤੋਂ ਬਚੇ ਰਹਿੰਦੇ ਹਨ। ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ ॥੨॥੧੨॥੩੫॥
ਤਦੋਂ ਤੋਂ ਮੇਰੇ ਮਨ ਵਿਚ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ ਮਿੱਠੇ ਲੱਗ ਰਹੇ ਹਨ।
ਜਦੋਂ ਤੋਂ ਗੁਰੂ ਨੇ (ਮੇਰੀ) ਬਾਂਹ ਫੜ ਕੇ (ਮੈਨੂੰ) ਪ੍ਰਭੂ ਦੀ ਸੇਵਾ-ਭਗਤੀ ਵਿਚ ਲਾਇਆ ਹੈ, (ਹੁਣ ਮੈਨੂੰ ਇਉਂ ਸਮਝ ਆ ਗਈ ਹੈ ਕਿ) ਪਿਆਰਾ ਹਰੀ ਸਦਾ ਹੀ (ਮੇਰੇ ਉੱਤੇ) ਦਇਆਵਾਨ ਹੈ ॥੧॥ ਰਹਾਉ ॥
ਹੇ ਪ੍ਰਭੂ! (ਜਦ ਤੋਂ ਗੁਰੂ ਨੇ ਮੈਨੂੰ ਤੇਰੀ ਸੇਵਾ ਵਿਚ ਲਾਇਆ ਹੈ, ਮੈਨੂੰ ਯਕੀਨ ਹੋ ਗਿਆ ਹੈ ਕਿ) ਤੂੰ (ਸਾਡਾ) ਮਾਲਕ ਹੈਂ, ਤੂੰ ਸਭ ਜੀਵਾਂ ਦਾ ਪਾਲਣਹਾਰ ਹੈਂ। ਮੈਂ (ਆਪਣੀ) ਇਸਤ੍ਰੀ (ਪਰਵਾਰ) ਸਮੇਤ-ਅਸੀਂ ਸਾਰੇ ਤੇਰੇ ਗ਼ੁਲਾਮ ਹਾਂ।
ਹੇ ਪ੍ਰਭੂ! ਤੂੰ ਹੀ ਮੇਰਾ ਮਾਣ ਹੈਂ, ਤੂੰ ਹੀ ਮੇਰਾ ਤਾਣ ਹੈਂ। ਤੇਰਾ ਨਾਮ ਹੀ ਮੇਰਾ ਸਹਾਰਾ ਹੈ ॥੧॥
ਜੇ ਤੂੰ ਮੈਨੂੰ ਤਖ਼ਤ ਉੱਤੇ ਬਿਠਾ ਦੇਵੇਂ, ਤਾਂ ਭੀ ਮੈਂ ਤੇਰਾ ਦਾਸ ਹਾਂ, ਜੇ ਤੂੰ (ਮੈਨੂੰ ਘਾਹੀ ਬਣਾ ਕੇ ਮੈਥੋਂ) ਘਾਹ ਵਢਾਏਂ, ਤਾਂ ਭੀ ਮੈਨੂੰ ਕੋਈ ਇਤਰਾਜ਼ ਨਹੀਂ।
ਹੇ ਦਾਸ ਨਾਨਕ ਦੇ ਪ੍ਰਭੂ! ਹੇ ਅਕਾਲ ਪੁਰਖ! ਹੇ ਰਚਨਹਾਰ! ਹੇ ਮੇਰੇ ਅਥਾਹ ਤੇ ਅਤੋਲ ਠਾਕੁਰ! ਹੇ ਪ੍ਰਭੂ! (ਮੈਂ ਤੇਰੀ ਰਜ਼ਾ ਵਿੱਚ ਹੀ ਰਾਜ਼ੀ ਹਾਂ) ॥੨॥੧੩॥੩੬॥
ਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ।
ਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ। ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ ॥੧॥ ਰਹਾਉ ॥
(ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ ॥੧॥
(ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ।
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ॥੨॥੧੪॥੩੭॥
(ਮੈਂ ਆਪਣੀ) ਅੱਖੀਂ (ਪਰਮਾਤਮਾ ਦਾ ਅਜਬ) ਕੌਤਕ ਵੇਖਿਆ ਹੈ (ਅਜਬ) ਤਮਾਸ਼ਾ ਵੇਖਿਆ ਹੈ।
ਉਹ ਪਰਮਾਤਮਾ (ਨਿਰਲੇਪ ਹੋਣ ਦੇ ਕਾਰਨ) ਸਭਨਾਂ ਜੀਵਾਂ ਤੋਂ ਦੂਰ (ਵੱਖਰਾ) ਹੈ, (ਸਰਬ-ਵਿਆਪਕ ਹੋਣ ਦੇ ਕਾਰਨ ਉਹ) ਸਭ ਜੀਵਾਂ ਤੋਂ ਨੇੜੇ, ਉਹ ਅਪਹੁੰਚ ਹੈ ਅਪਹੁੰਚ ਹੈ, ਪਰ ਉਂਞ ਸਭ ਸਰੀਰਾਂ ਵਿਚ ਉਸ ਦਾ ਨਿਵਾਸ ਹੈ ॥੧॥ ਰਹਾਉ ॥
ਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ, ਉਹ ਕਦੇ ਕੋਈ ਗ਼ਲਤੀ ਨਹੀਂ ਕਰਦਾ, ਨਾਹ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਂਦਾ ਹੈ, ਨਾਹ ਉਹ ਬਹੁਤੀਆਂ ਸਲਾਹਾਂ ਹੀ ਕਰਦਾ ਹੈ।
ਉਹ ਤਾਂ ਇਕ ਖਿਨ ਵਿਚ ਪੈਦਾ ਕਰ ਕੇ ਸੋਹਣਾ ਬਣਾ ਕੇ (ਖਿਨ ਵਿਚ ਹੀ) ਨਾਸ ਕਰ ਦੇਂਦਾ ਹੈ। ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਅਤੇ (ਬੇਅੰਤ) ਗੁਣਾਂ ਦਾ ਖ਼ਜ਼ਾਨਾ ਹੈ ॥੧॥
ਗੁਰੂ ਨੇ (ਜਿਸ ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦੇ ਨਾਮ ਦਾ) ਚਾਨਣ ਕਰ ਦਿੱਤਾ (ਉੱਥੇ, ਮਾਨੋ) ਘੁੱਪ ਹਨੇਰੇ ਵਾਲੇ ਖੂਹ ਵਿਚ ਦੀਵਾ ਬਲ ਪਿਆ।