ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ।
ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ। (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥
ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,
ਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ)।
(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥
(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ।
ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ।
(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥
(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ।
ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,
ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥
ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ)।
(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ।
(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥
(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,
ਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥
ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ,
ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ।
ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥
ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ,
ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥
ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ,
ਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ।
ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥
ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ,
ਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ।
ਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ॥੧॥
ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,
ਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ।
ਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ॥੨॥
(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ,
ਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,
(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ॥੩॥
ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।
ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ।
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ॥੪॥
ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ,
ਜੇਹੜੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਉਹ ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ।
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ॥੫॥
ਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ,
ਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ।
(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ॥੬॥
ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।
ਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ।
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥