ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।
ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥
ਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ।
ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥
ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,
(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥
(ਜੀਵ-ਪੰਛੀ ਜਿਸ ਸਰੀਰ ਵਿਚ ਵੱਸ ਰਿਹਾ ਹੈ) ਉਸ ਦੀ ਕੰਧ (ਮਾਨੋ) ਪਾਣੀ ਦੀ ਹੈ, ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ,
ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ॥੧॥
ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?
ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) ॥੧॥ ਰਹਾਉ ॥
ਹੇ ਭਾਈ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ,
ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ॥੨॥
ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ,
(ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ ॥੩॥
ਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ),
ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ॥੪॥
ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ,
ਰਵਿਦਾਸ ਚਮਾਰ ਆਖਦਾ ਹੈ-(ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ ॥੫॥੬॥
ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,
ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ॥੧॥ ਰਹਾਉ ॥
ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ)।
ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ॥੧॥
ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ);
ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥
ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ)
(ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥
ਰਾਗ ਸੋਰਠਿ ਵਿੱਚ ਭਗਤ ਭੀਖਨ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਜੀਵ! (ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ।
ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ॥੧॥
ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ,
ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ॥੧॥ ਰਹਾਉ ॥
ਹੇ ਪ੍ਰਾਣੀ! (ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ।
(ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ॥੨॥
(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ।
ਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ ॥੩॥੧॥
ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ।
ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ ॥੧॥
(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ),
ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ॥੧॥ ਰਹਾਉ ॥
(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਹੇ ਭੀਖਨ! (ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੨॥੨॥