ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ।
ਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥
ਹੇ ਸਦਾ ਕਾਇਮ ਰਹਿਣ ਵਾਲੇ! ਹੇ ਸਤਿਗੁਰੂ! ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ!
ਤੇਰਾ ਦਰਸਨ ਕਰ ਕੇ (ਜੀਵ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
ਪਰਮੇਸਰ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੇ) ਸੰਤ ਜਨ ਅਟੱਲ ਜੀਵਨ ਵਾਲੇ ਹੁੰਦੇ ਹਨ। ਪਰਮਾਤਮਾ ਦਾ ਨਾਮ ਅਟੱਲ ਰਹਿਣ ਵਾਲਾ ਹੈ।
(ਪੂਰੀ) ਸਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਉਸ ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ ॥੧॥
ਪਰਮਾਤਮਾ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਉਹ ਕੇਡਾ ਵੱਡਾ ਹੈ-ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ।
ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੬੩॥੮੬॥
(ਜਦੋਂ ਦੇ) ਗੁਰੂ ਦੇ ਚਰਨ ਮੇਰੇ ਮਨ ਵਿਚ ਵੱਸ ਪਏ ਹਨ,
(ਮੈਨੂੰ ਨਿਸਚਾ ਹੋ ਗਿਆ ਹੈ ਕਿ) ਮਾਲਕ-ਪ੍ਰਭੂ ਸਭਨੀਂ ਥਾਈਂ ਵਿਆਪਕ ਹੈ, (ਮੇਰੇ) ਨੇੜੇ ਵੱਸ ਰਿਹਾ ਹੈ, ਸਭਨਾਂ ਦੇ ਨੇੜੇ ਵੱਸ ਰਿਹਾ ਹੈ ॥੧॥ ਰਹਾਉ ॥
(ਜਦੋਂ ਤੋਂ) ਗੁਰੂ ਨਾਲ ਮੇਰਾ ਪਿਆਰ ਪਿਆ ਹੈ (ਉਸ ਨੇ ਮੇਰੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਮੇਰੀ ਸੁਰਤ ਪਰਮਾਤਮਾ ਨਾਲ ਜੋੜ ਦਿੱਤੀ ਹੈ,
ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ। (ਗੁਰੂ ਨੇ) ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ ॥੧॥
ਹੇ ਮੇਰੇ ਪ੍ਰਭੂ! ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈਂ, ਉਹ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ।
ਜਿਹੜਾ ਮਨੁੱਖ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ ॥੨॥੬੪॥੮੭॥
ਜੇ ਮੈਂ (ਇਸੇ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਦਰਸ਼ਨ ਕਰ ਸਕਾਂ, ਤਦੋਂ ਹੀ (ਮੇਰਾ ਇਹ ਅਸਲ ਮਨੁੱਖਾ) ਜੀਵਨ ਸਮਝਿਆ ਜਾ ਸਕਦਾ ਹੈ।
ਹੇ ਪ੍ਰੀਤਮ ਪ੍ਰਭੂ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! (ਮੇਰੇ ਮਨ ਵਿਚੋਂ ਪਿਛਲੇ ਜਨਮਾਂ ਦੇ) ਭਟਕਣਾ ਦੇ ਸੰਸਕਾਰ ਦੂਰ ਕਰ ॥੧॥ ਰਹਾਉ ॥
ਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿਚ) ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ। ਸਰਧਾ ਤੋਂ ਬਿਨਾ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ।
ਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋੜਦਾ ਰਹਿੰਦਾ ਹੈ, ਉਸ ਦੇ ਮੱਥੇ ਉਤੇ (ਮਾਇਆ ਦੇ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ ॥੧॥
ਜਿਸ ਮਨੁੱਖ ਦੇ ਹਿਰਦੇ ਵਿਚ ਸਾਰੇ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ, ਉਹ ਹੋਰ (ਵਿਖਾਵੇ ਦੇ) ਧਾਰਮਿਕ ਭੇਖਾਂ ਨੂੰ ਨਹੀਂ ਮੰਨਦਾ ਫਿਰਦਾ।
ਹੇ ਨਾਨਕ! ਉਹ ਤਾਂ (ਪ੍ਰਭੂ ਦੇ) ਦਰਸਨ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੇ ਦਰਸਨ ਨਾਲ) ਮੋਹਿਆ ਜਾਂਦਾ ਹੈ। (ਪ੍ਰਭੂ ਦੀ ਕਿਰਪਾ ਨਾਲ) ਉਸ ਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ ॥੨॥੬੫॥੮੮॥
ਜੇ ਸਿਰਫ਼ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ,
ਤਾਂ ਇਕ ਖਿਨ ਵਿਚ (ਜੀਵ ਦੇ ਸਾਰੇ) ਪਾਪ ਸੜ ਜਾਂਦੇ ਹਨ (ਉਸ ਨੂੰ, ਮਾਨੋ) ਕ੍ਰੋੜਾਂ ਦਾਨ ਤੇ ਤੀਰਥ-ਇਸ਼ਨਾਨ (ਕਰਨ ਦਾ ਫਲ ਮਿਲ ਗਿਆ) ॥੧॥ ਰਹਾਉ ॥
(ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ।
ਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿਚ ਸੁਰਤ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ ॥੧॥
ਹੇ ਸੁਖਾਂ ਦੇ ਸਮੁੰਦਰ ਪ੍ਰਭੂ! ਹੇ ਪੂਰਨ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ।
ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ ਨਾਨਕ ਨੂੰ ਆਤਮਕ ਜੀਵਨ ਮਿਲਦਾ ਹੈ, ਅਤੇ (ਮਨ ਵਿਚੋਂ) ਅਹੰਕਾਰ ਨਾਸ ਹੋ ਜਾਂਦਾ ਹੈ ॥੨॥੬੬॥੮੯॥
ਉਹੀ ਮਨੁੱਖ (ਅਸਲ) ਚਤੁਰ ਹੈ ਜਿਹੜਾ ਜਗਤ ਦੇ ਮੂਲ-ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ, ਜਿਹੜਾ ਸਿਰਫ਼ ਪਰਮਾਤਮਾ ਦੇ ਪਿਆਰ-ਰਸ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥
ਪਰ, ਜਿਹੜਾ ਮਨੁੱਖ (ਹੋਰਨਾਂ ਨਾਲ) ਠੱਗੀਆਂ ਕਰਦਾ ਹੈ (ਉਹ ਆਪਣਾ ਅਸਲ) ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ।
ਉਹ ਆਪਣੀ ਅਸਲ ਗ਼ਰਜ਼ ਛੱਡ ਕੇ ਘਾਟੇ ਵਾਲੇ ਕੰਮ ਵਿਚ ਰੁੱਝਾ ਰਹਿੰਦਾ ਹੈ, (ਕਿਉਂਕਿ) ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ॥੧॥
ਉਹੀ ਮਨੁੱਖ ਚਤੁਰ ਤੇ ਸਿਆਣਾ ਹੈ, ਉਹੀ ਮਨੁੱਖ ਪੰਡਿਤ ਸੂਰਮਾ ਤੇ ਦਾਨਾ ਹੈ,
ਜਿਸ ਨੇ ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਜਪਿਆ ਹੈ। ਹੇ ਨਾਨਕ! ਉਹੀ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੨॥੬੭॥੯੦॥