ਹੇ ਭਾਈ! ਸੁੱਤਿਆਂ ਬੈਠਿਆਂ ਖਲੋਤਿਆਂ (ਹਰ ਵੇਲੇ) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।
(ਜਿਹੜਾ ਮਨੁੱਖ ਧਿਆਨ ਧਰਦਾ ਹੈ, ਉਸ ਨੂੰ) ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸੁਖਾਂ ਦਾ ਸਮੁੰਦਰ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ ਵਿਆਪਕ ਦਿੱਸਦਾ ਹੈ)।
ਹੇ ਦਾਸ ਨਾਨਕ! ਉਹ ਮਨੁੱਖ ਪ੍ਰਭੂ ਦੀ ਸਰਨ ਹੀ ਪਿਆ ਰਹਿੰਦਾ ਹੈ, ਉਸ (ਪ੍ਰਭੂ) ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੩॥
ਹੇ ਭਾਈ! (ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ।
(ਜਦੋਂ ਤੋਂ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।
ਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।
ਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ।
ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ ॥੪॥੪॥੭॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ।
ਪਰਮਾਤਮਾ ਦੇ ਚਰਨ ਸੋਹਣਾ ਜਹਾਜ਼ ਹਨ, (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਹਰਿ-ਚਰਨਾਂ ਦਾ ਆਰਾਧਨ ਕਰਦਾ ਹੈ, (ਗੁਰੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।
ਹੇ ਭਾਈ! ਗੁਰੂ ਦੇ ਸ਼ਬਦ ਦੇ ਪਰਤਾਪ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, ਮੁੜ ਮੁੜ ਆਤਮਕ ਮੌਤ ਨਹੀਂ ਸਹੇੜੀਦੀ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਹੇ ਭਾਈ! ਜੋ ਕੁਝ ਪਰਮਾਤਮਾ ਕਰਦਾ ਹੈ (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮੈਂ ਉਸ ਨੂੰ ਭਲਾ ਮੰਨਦਾ ਹਾਂ। (ਜਦੋਂ ਇਹ ਰਸਤਾ ਫੜਿਆ ਜਾਏ) ਤਦੋਂ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।
ਹੇ ਭਾਈ! ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ ਪਿਆਂ ਕੋਈ ਦੁੱਖ, ਕੋਈ ਭੁੱਖ, ਕੋਈ ਰੋਗ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ।
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ (ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਦੀ ਹਰੇਕ ਚਿੰਤਾ ਮਿਟਾ ਲੈਂਦਾ ਹੈ ॥੧॥
ਹੇ ਭਾਈ! ਸੰਤ ਜਨਾਂ ਨੇ (ਜਿਸ ਜੀਵ-ਇਸਤ੍ਰੀ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ-ਮੰਤ੍ਰ ਪੱਕਾ ਕਰ ਦਿੱਤਾ, ਪ੍ਰਭੂ ਜੀ ਉਸ ਜੀਵ-ਇਸਤ੍ਰੀ ਦੇ ਪ੍ਰੇਮ-ਵੱਸ ਹੋ ਗਏ।
(ਉਸ ਜੀਵ-ਇਸਤ੍ਰੀ ਨੇ) ਆਪਣਾ ਪਿਆਰਾ ਮਨ (ਪ੍ਰਭੂ-ਠਾਕੁਰ ਦੇ) ਅੱਗੇ ਭੇਟ ਕਰ ਦਿੱਤਾ, (ਅੱਗੋਂ) ਠਾਕੁਰ-ਪ੍ਰਭੂ ਨੇ ਸਭ ਕੁਝ (ਉਸ ਜੀਵ-ਇਸਤ੍ਰੀ ਨੂੰ) ਦੇ ਦਿੱਤਾ।
ਠਾਕੁਰ-ਪ੍ਰਭੂ ਨੇ ਉਸ ਜੀਵ-ਇਸਤ੍ਰੀ ਨੂੰ ਆਪਣੀ ਦਾਸੀ ਬਣਾ ਲਿਆ, (ਉਸ ਦੇ ਅੰਦਰੋਂ ਮਾਇਆ ਆਦਿਕ ਲਈ) ਭਟਕਣਾ ਮੁੱਕ ਗਈ, ਉਸ ਨੇ ਪਰਮਾਤਮਾ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਉ ਹਾਸਲ ਕਰ ਲਿਆ।
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ (ਤੁਹਾਡੇ ਅੰਦਰ) ਆਤਮਕ ਆਨੰਦ ਬਣੇ ਰਹਿਣਗੇ। (ਜਿਹੜੀ ਜੀਵ-ਇਸਤ੍ਰੀ ਹਰਿ-ਨਾਮ ਸਿਮਰਦੀ ਹੈ, ਉਹ ਪ੍ਰਭੂ ਚਰਨਾਂ ਤੋਂ) ਵਿਛੁੜ ਕੇ ਕਦੇ ਭੀ (ਕਿਸੇ ਹੋਰ ਪਾਸੇ) ਨਹੀਂ ਭਟਕਦੀ।
ਜਿਸ ਨੇ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਬਣਾ ਲਈ, ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਖਸਮ ਵਾਲੀ ਰਹਿੰਦੀ ਹੈ।
ਨਾਨਕ ਆਖਦਾ ਹੈ- ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰਿ-ਨਾਮ ਸਿਮਰਦੇ ਹਨ, ਉਹ ਮਨੁੱਖ ਪ੍ਰੇਮ ਦੇ ਵੱਡੇ ਸੁਆਦ ਵਿਚ ਭਿੱਜੇ ਰਹਿੰਦੇ ਹਨ ॥੨॥
ਹੇ ਸਹੇਲੀਏ! ਹੁਣ ਮੇਰੇ ਹਿਰਦੇ-ਘਰ ਵਿਚ ਸਦਾ ਹੀ ਆਨੰਦ ਖ਼ੁਸ਼ੀਆਂ ਚਾਉ ਬਣੇ ਰਹਿੰਦੇ ਹਨ,
(ਕਿਉਂਕਿ) ਮੇਰੇ ਆਪਣੇ ਪਿਆਰੇ ਪ੍ਰਭੂ ਨੇ ਆਪ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਹੈ, ਮੈਨੂੰ ਸੋਭਾ ਵਾਲੀ ਜੀਵ-ਇਸਤ੍ਰੀ ਬਣਾ ਦਿੱਤਾ ਹੈ।
ਹੇ ਸਹੇਲੀਏ! ਆਪਣੇ ਆਤਮਕ ਅਡੋਲਤਾ ਵਾਲੇ ਪਿਆਰ ਦੇ ਕਾਰਨ ਹੀ {ਸਹਜ-सह जायते इति सहजं} ਆਪਣੇ ਸੇਵਕਾਂ ਉਤੇ ਦਇਆਵਾਨ ਹੋ ਜਾਂਦੇ ਹਨ। ਪ੍ਰਭੂ ਜੀ ਆਪਣੇ ਸੇਵਕਾਂ ਦੇ ਗੁਣਾਂ ਔਗੁਣਾਂ ਵਲ ਧਿਆਨ ਨਹੀਂ ਦੇਂਦੇ।
ਪ੍ਰਭੂ ਜੀ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਲੈਂਦੇ ਹਨ, (ਉਹਨਾਂ ਦੇ) ਹਿਰਦੇ ਵਿਚ ਆਪਣਾ ਨਾਮ ਵਸਾ ਦੇਂਦੇ ਹਨ।
ਹੇ ਸਹੇਲੀਏ! ਅਹੰਕਾਰ, ਮਾਇਆ ਦਾ ਮੋਹ, ਮਾਇਆ ਦਾ ਨਸ਼ਾ ਜਿਹੜੇ ਸਾਰੀ ਸ੍ਰਿਸ਼ਟੀ ਉਤੇ ਭਾਰੂ ਹੋ ਰਹੇ ਹਨ (ਪ੍ਰਭੂ ਜੀ ਨੇ ਮੇਰੇ ਉਤੇ) ਮਿਹਰ ਕਰ ਕੇ (ਮੇਰੇ ਅੰਦਰੋਂ) ਆਪ ਹੀ ਦੂਰ ਕਰ ਦਿੱਤੇ ਹਨ।
ਨਾਨਕ ਆਖਦਾ ਹੈ- (ਉਸ ਦੀ ਮਿਹਰ ਨਾਲ ਇਸ) ਭਿਆਨਕ ਸੰਸਾਰ-ਸਮੁੰਦਰ ਤੋਂ ਮੈਂ ਪਾਰ ਲੰਘ ਰਿਹਾ ਹਾਂ, ਮੇਰੇ ਸਾਰੇ ਕੰਮ (ਭੀ) ਸਿਰੇ ਚੜ੍ਹ ਰਹੇ ਹਨ ॥੩॥
ਹੇ ਸਹੇਲੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰੋ, ਉਹ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਂਦਾ ਹੈ।
ਗੁਰੂ ਨੂੰ ਮਿਲ ਕੇ ਸਰਬ-ਵਿਆਪਕ ਪ੍ਰਭੂ ਦਾ ਨਾਮ ਸਿਮਰਿਆਂ ਜੀਵਨ ਕਾਮਯਾਬ ਹੋ ਜਾਂਦਾ ਹੈ।
ਹੇ ਸਹੇਲੀਓ! ਉਹ ਇੱਕ ਪਰਮਾਤਮਾ ਅਨੇਕਾਂ ਵਿਚ ਵਿਆਪਕ ਹੈ, ਸਾਰੇ ਜਗਤ ਵਿਚ ਵਿਆਪਕ ਹੈ, ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਆਪ ਹੀ ਹੈ।
(ਸਾਰੇ ਜਗਤ ਵਿਚ) ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ, (ਉਸ ਦਾ ਨਾਮ) ਜਪ ਕੇ ਹਰ ਥਾਂ ਉਹ ਪ੍ਰਭੂ ਹੀ ਦਿੱਸਣ ਲੱਗ ਪੈਂਦਾ ਹੈ।
ਹੇ ਸਹੇਲੀਓ! ਉਸ ਪਰਮਾਤਮਾ ਤੋਂ ਖ਼ਾਲੀ ਕੋਈ ਭੀ ਥਾਂ ਨਹੀਂ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਉਹ ਮੌਜੂਦ ਹੈ।