ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ) ॥੨॥
ਹੇ ਪ੍ਰਭੂ! ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ "ਤੂ ਹੀ ਤੂ" ਦੀ ਧੁਨ ਲੱਗ ਪਏ।
ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ ॥੩॥
ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ,
ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ) ॥੪॥
ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ।
ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ।
ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ ॥੬॥
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ,
ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੭॥
ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ,
ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ ॥੮॥੧॥੩॥
ਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ)
ਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮਤਿ ਸਿੱਖਦਾ ਹੈ) ॥੧॥
(ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ)।
ਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਪ੍ਰਭੂ! (ਭਟਕ ਭਟਕ ਕੇ ਆਖ਼ਿਰ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤੂੰ ਉਸ ਨੂੰ (ਚੌਰਾਸੀ ਦੇ ਗੇੜ ਤੋਂ) ਬਚਾਂਦਾ ਹੈਂ; ਉਹ, ਹੇ ਪ੍ਰਭੂ! ਤੇਰਾ ਨਾਮ ਸਿਮਰਦਾ ਹੈ।
ਗੁਰੂ (ਭੀ) ਤੂੰ ਆਪਣੀ ਰਜ਼ਾ ਅਨੁਸਾਰ ਹੀ ਮਿਲਾਂਦਾ ਹੈਂ (ਜਿਸ ਨੂੰ ਮਿਲਦਾ ਹੈ) ਉਹ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਗੁਰ-ਸ਼ਬਦ ਅਨੁਸਾਰ ਆਚਰਨ ਬਣਾਂਦਾ ਹੈ) ॥੨॥
ਹੇ ਪ੍ਰਭੂ! ਜੀਵ ਪੈਦਾ ਕਰ ਕੇ ਇਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ। ਜੋ ਕੁਝ ਤੂੰ ਦੇਂਦਾ ਹੈਂ ਉਹੀ ਜੀਵਾਂ ਨੂੰ ਮਿਲਦਾ ਹੈ।
ਤੂੰ ਆਪ ਪੈਦਾ ਕਰਦਾ ਹੈਂ ਆਪ ਨਾਸ ਕਰਦਾ ਹੈਂ, ਸਭ ਦੀ ਤੂੰ ਆਪਣੀ ਨਿਗਰਾਨੀ ਵਿਚ ਸੰਭਾਲ ਕਰਦਾ ਹੈਂ ॥੩॥
ਜਦੋਂ (ਸਰੀਰ ਵਿਚੋਂ) ਸੁਆਸ ਨਿਕਲ ਜਾਂਦਾ ਹੈ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ।
(ਜਿਨ੍ਹਾਂ ਮਹਲ ਮਾੜੀਆਂ ਦਾ ਮਨੁੱਖ ਮਾਣ ਕਰਦਾ ਹੈ) ਫਿਰ ਨਾਹ ਇਹ ਘਰ ਇਸ ਨੂੰ ਮਿਲਦਾ ਹੈ ਨਾਹ ਬੈਠਕ ਮਿਲਦੀ ਹੈ ਤੇ ਨਾਹ ਇਹ ਮਹਲ ਮਿਲਦਾ ਹੈ ॥੪॥
(ਸਹੀ ਜੀਵਨ-ਜਾਚ ਸਮਝਣ ਤੋਂ ਬਿਨਾ) ਜੀਵ ਆਪਣਾ ਘਰ ਦਾ ਮਾਲ (ਆਤਮਕ ਸਰਮਾਇਆ) ਲੁਟਾਈ ਜਾਂਦਾ ਹੈ, ਚਿੱਟਾ ਦਿਨ ਹੁੰਦਿਆਂ (ਇਸ ਦੇ ਭਾ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ।
ਅਹੰਕਾਰ ਵਿਚ (ਗ਼ਾਫ਼ਲ ਰਹਿਣ ਕਰਕੇ ਮੋਹ-ਰੂਪ) ਚੋਰ ਇਸ ਦੇ ਘਰ (ਆਤਮਕ ਸਰਮਾਏ) ਨੂੰ ਲੁੱਟਦਾ ਜਾਂਦਾ ਹੈ। (ਸਮਝ ਹੀ ਨਹੀਂ) ਕਿਸ ਪਾਸ ਸ਼ਿਕਾਇਤ ਕਰੇ? ॥੫॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ (ਦੇ ਸਰਮਾਏ) ਨੂੰ ਚੋਰ ਨਹੀਂ ਪੈਂਦਾ, ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ (ਆਤਮਕ ਸਰਮਾਏ ਦੇ ਚੋਰ ਵਲੋਂ) ਸੁਚੇਤ ਰੱਖਦਾ ਹੈ।
ਗੁਰੂ ਆਪਣੇ ਸ਼ਬਦ ਨਾਲ (ਉਸ ਦੇ ਅੰਦਰੋਂ ਤ੍ਰਿਸ਼ਨਾ-) ਅੱਗ ਬੁਝਾ ਦੇਂਦਾ ਹੈ, ਤੇ ਰੱਬੀ ਜੋਤਿ ਜਗਾ ਦੇਂਦਾ ਹੈ ॥੬॥
ਪਰਮਾਤਮਾ ਦਾ ਨਾਮ (ਹੀ) ਲਾਲ ਹੈ ਰਤਨ ਹੈ (ਸਰਨ ਪਏ ਸਿੱਖ ਨੂੰ) ਗੁਰੂ ਨੇ ਇਹ ਸੂਝ ਦੇ ਦਿੱਤੀ ਹੁੰਦੀ ਹੈ (ਇਸ ਵਾਸਤੇ ਉਸ ਨੂੰ ਤ੍ਰਿਸ਼ਨਾ-ਅੱਗ ਨਹੀਂ ਪੋਂਹਦੀ)।
ਜੇ ਮਨੁੱਖ ਗੁਰੂ ਦੀ ਸਿਖਿਆ ਪ੍ਰਾਪਤ ਕਰ ਲਏ ਤਾਂ ਉਹ ਸਦਾ (ਮਾਇਆ ਦੀ) ਵਾਸਨਾ ਤੋਂ ਬਚਿਆ ਰਹਿੰਦਾ ਹੈ ॥੭॥
ਹੇ ਹਰੀ! ਰਾਤ ਦਿਨ (ਹਰ ਵੇਲੇ) ਤੇਰਾ ਨਾਮ ਮਨ ਵਿਚ ਵਸਾਇਆ ਜਾ ਸਕੇ,
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਜੇ ਤੈਨੂੰ ਭਾਵੇ (ਤਾਂ ਮੇਹਰ ਕਰ, ਤੇ) ਆਪਣੀ ਸੰਗਤਿ ਵਿਚ ਮਿਲਾ ॥੮॥੨॥੪॥
(ਹੇ ਜਿੰਦੇ!) ਪਰਮਾਤਮਾ ਦੇ ਨਾਮ ਨੂੰ ਮਨ ਤੋਂ ਨਾਹ ਭੁਲਾ। ਦਿਨ ਰਾਤ-ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਹੇ ਪ੍ਰਭੂ! ਜਿਵੇਂ ਮੇਹਰ ਕਰ ਕੇ ਤੂੰ ਮੈਨੂੰ (ਮਾਇਆ ਦੇ ਮੋਹ ਤੋਂ) ਬਚਾਏ, ਤਿਵੇਂ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥
ਮੈਨੂੰ (ਮਾਇਆ ਦੇ ਮੋਹ ਵਿਚ) ਅੰਨ੍ਹੇ ਨੂੰ ਪਰਮਾਤਮਾ ਦਾ ਨਾਮ ਡੰਗੋਰੀ (ਦਾ ਕੰਮ ਦੇਂਦਾ) ਹੈ, (ਮੇਰੇ ਲਈ) ਟੋਹਣੀ ਹੈ (ਜਿਸ ਨਾਲ ਟੋਹ ਟੋਹ ਕੇ ਮੈਂ ਜੀਵਨ ਦਾ ਸਹੀ ਰਸਤਾ ਲੱਭਦਾ ਹਾਂ)।
(ਜਦੋਂ) ਮੈਂ ਮਾਲਕ-ਪ੍ਰਭੂ ਦੇ ਆਸਰੇ ਰਹਿੰਦਾ ਹਾਂ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਮੋਹ ਨਹੀਂ ਸਕਦੀ ॥੧॥ ਰਹਾਉ ॥
(ਹੇ ਪ੍ਰਭੂ!) ਜਿਧਰ ਮੈਂ ਵੇਖਦਾ ਹਾਂ ਉਧਰ ਹੀ ਗੁਰੂ ਨੇ ਮੈਨੂੰ ਵਿਖਾ ਦਿੱਤਾ ਹੈ ਕਿ ਤੂੰ ਮੇਰੇ ਨਾਲ ਹੀ ਹੈਂ।
ਬਾਹਰ ਲੱਭ ਲੱਭ ਕੇ ਹੁਣ ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਤੈਨੂੰ ਆਪਣੇ ਅੰਦਰ ਵੇਖ ਲਿਆ ਹੈ ॥੨॥
ਹੇ ਮਾਇਆ-ਰਹਿਤ ਪ੍ਰਭੂ! ਗੁਰੂ ਦੇ ਅਨੁਸਾਰ ਰਹਿ ਕੇ ਮੈਂ ਤੇਰਾ ਨਾਮ ਸਿਮਰਦਾ ਹਾਂ।
ਹੇ ਭਰਮ ਤੇ ਭਉ ਨਾਸ ਕਰਨ ਵਾਲੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਮੈਂ ਉਸੇ ਨੂੰ ਤੇਰੀ ਰਜ਼ਾ ਸਮਝਦਾ ਹਾਂ ॥੩॥
(ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ ਤਾਂ) ਜੰਮਦਿਆਂ ਹੀ ਜਗਤ ਵਿਚ ਆਉਂਦਿਆਂ ਹੀ ਆਤਮਕ ਮੌਤ ਦਾ ਦੁੱਖ ਆ ਵਾਪਰਦਾ ਹੈ।
ਪਰਮਾਤਮਾ ਦੇ ਗੁਣ ਗਾ ਕੇ ਸਾਰਾ ਹੀ ਜੀਵਨ ਸਫਲਾ ਹੋ ਜਾਂਦਾ ਹੈ ॥੪॥
ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਨਿਵਾਜਦਾ ਹੈਂ ਜਿਸ ਦੇ ਅੰਦਰ ਤੂੰ (ਪਰਗਟ) ਹੁੰਦਾ ਹੈਂ ਉਸ ਦੇ ਅੰਦਰ 'ਹਉਮੈ' ਨਹੀਂ ਰਹਿ ਜਾਂਦੀ।