ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ,
ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ।
ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ॥੧॥
ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ।
ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ ॥੧॥ ਰਹਾਉ ॥
(ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ।
ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ॥੨॥
ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ।
ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ॥੩॥
ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ)।
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ ॥੪॥੧॥
ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ।
(ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ। ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ॥੧॥
ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ।
ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ॥੧॥ ਰਹਾਉ ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ।
(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ॥੨॥
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ, ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ।
ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ।
ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ।