(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ,
ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,
(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ॥੧॥
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,
ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ॥੧॥ ਰਹਾਉ ॥
(ਇਹ ਲੋਕ) ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ,
ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ॥੨॥
ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ।
ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ॥੩॥
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ।
ਕਬੀਰ ਆਖਦਾ ਹੈ- ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ॥੪॥੨॥
(ਮੇਰੇ ਅੰਦਰ ਟਿਕ ਕੇ) ਮੇਰੇ ਪਿਤਾ-ਪ੍ਰਭੂ ਨੇ ਮੈਨੂੰ ਸਹਾਰਾ ਦੇ ਦਿੱਤਾ ਹੈ,
(ਜਪਣ ਲਈ) ਮੇਰੇ ਮੂੰਹ ਵਿਚ (ਉਸ ਨੇ ਆਪਣਾ) ਅੰਮ੍ਰਿਤ-ਨਾਮ ਦਿੱਤਾ ਹੈ, (ਇਸ ਵਾਸਤੇ) ਮੇਰੀ (ਹਿਰਦਾ-ਰੂਪ) ਸੇਜ ਸੁਖਦਾਈ ਹੋ ਗਈ।
(ਜਿਸ ਪਿਉ ਨੇ ਇਤਨਾ ਸੁਖ ਦਿੱਤਾ ਹੈ) ਉਸ ਪਿਉ ਨੂੰ ਮੈਂ (ਕਦੇ) ਮਨ ਤੋਂ ਨਹੀਂ ਭੁਲਾਵਾਂਗਾ।
(ਜਿਵੇਂ ਇੱਥੇ ਮੈਂ ਸੌਖਾ ਹੋ ਗਿਆ ਹਾਂ, ਤਿਵੇਂ) ਅਗਾਂਹ ਚੱਲ ਕੇ (ਭੀ) ਮੈਂ (ਮਨੁੱਖਾ-ਜਨਮ ਦੀ) ਖੇਡ ਨਹੀਂ ਹਾਰਾਂਗਾ ॥੧॥
ਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ;
ਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ ॥੧॥ ਰਹਾਉ ॥
ਜਿਸ ਪ੍ਰਭੂ-ਪਿਤਾ ਨੇ ਮੈਨੂੰ (ਇਹ ਨਵਾਂ) ਜਨਮ ਦਿੱਤਾ ਹੈ, ਉਸ ਤੋਂ ਮੈਂ ਸਦਕੇ ਹਾਂ,
ਉਸ ਨੇ ਪੰਜ ਕਾਮਾਦਿਕਾਂ ਤੋਂ ਮੇਰਾ ਖਹਿੜਾ ਛੁਡਾ ਦਿੱਤਾ ਹੈ।
ਹੁਣ ਉਹ ਪੰਜੇ ਮਾਰ ਕੇ ਮੈਂ ਆਪਣੇ ਪੈਰਾਂ ਹੇਠ ਦੇ ਲਏ ਹਨ,
ਕਿਉਂਕਿ (ਇਹਨਾਂ ਵਲੋਂ ਹਟ ਕੇ) ਮੇਰਾ ਮਨ ਤੇ ਤਨ ਪ੍ਰਭੂ ਦੇ ਸਿਮਰਨ ਵਿਚ ਮਸਤ ਹੋ ਗਏ ਹਨ ॥੨॥
ਮੇਰਾ (ਉਹ) ਪਿਉ ਬੜਾ ਵੱਡਾ ਮਾਲਕ ਹੈ।
(ਜੇ ਕੋਈ ਪੁੱਛੇ ਕਿ) ਮੈਂ (ਕੰਗਾਲ ਕਬੀਰ) ਉਸ ਪਿਤਾ ਪਾਸ ਕਿਵੇਂ ਅੱਪੜ ਗਿਆ ਹਾਂ?
(ਤਾਂ ਇਸ ਦਾ ਉੱਤਰ ਇਹ ਹੈ ਕਿ ਜਦੋਂ) ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ,
ਤੇ ਜਗਤ ਦਾ ਪਿਉ-ਪ੍ਰਭੂ ਮੈਨੂੰ ਮੇਰੇ ਮਨ ਵਿਚ ਪਿਆਰਾ ਲੱਗ ਪਿਆ ॥੩॥
(ਹੁਣ ਮੈਂ ਨਿਸੰਗ ਹੋ ਕੇ ਉਸ ਨੂੰ ਆਖਦਾ ਹਾਂ, ਹੇ ਪ੍ਰਭੂ!) ਮੈਂ ਤੇਰਾ ਬੱਚਾ ਹਾਂ, ਤੂੰ ਮੇਰਾ ਪਿਉ ਹੈਂ,
ਅਸਾਡਾ ਦੋਹਾਂ ਦਾ (ਹੁਣ) ਇੱਕੋ ਥਾਂ ਹੀ (ਮੇਰੇ ਹਿਰਦੇ ਵਿਚ) ਨਿਵਾਸ ਹੈ।
ਕਬੀਰ ਆਖਦਾ ਹੈ- ਮੈਂ ਦਾਸ ਨੇ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ।)
ਸਤਿਗੁਰੂ ਦੀ ਕਿਰਪਾ ਨਾਲ ਮੈਨੂੰ (ਜੀਵਨ ਦੇ ਰਸਤੇ ਦੀ) ਸਾਰੀ ਸੂਝ ਪੈ ਗਈ ਹੈ ॥੪॥੩॥
(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ।
(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ ॥੧॥
ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ।
ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ॥੧॥ ਰਹਾਉ ॥
(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ)।
(ਮਾਇਆ, ਮਾਨੋ, ਆਖਦੀ ਹੈ-) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ॥੨॥
ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ।
ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ। ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ॥੩॥
ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ।
ਕਬੀਰ ਆਖਦਾ ਹੈ- ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ॥੪॥੪॥
(ਕਈ ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ,
ਸ੍ਰੇਵੜੇ ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ-ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥
ਸੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਭੂ ਦਾ ਨਾਮ ਸਿਮਰਿਆ ਜਾਏ।
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਹੈ, ਜੋ ਮਨੁੱਖ ਜੀਭ ਨਾਲ ਨਾਮ ਸਿਮਰਦਾ ਹੈ, ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ (ਕਿਉਂਕਿ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ) ॥੧॥ ਰਹਾਉ ॥
ਜੋ ਲੋਕ ਸ਼ਾਸਤ੍ਰ ਵੇਦ ਜੋਤਿਸ਼ ਤੇ ਕਈ ਵਿਆਕਰਣ ਜਾਣਦੇ ਹਨ,