ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥
ਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ।
ਉਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ॥੩॥
(ਹੇ ਭਾਈ! ਜੇਹੜੇ) ਬੜੇ ਗਰੀਬ ਤੇ ਅਨਾਥ ਬੰਦੇ (ਸਨ, ਜਦੋਂ ਉਹ) ਗੁਰੂ ਦੇ ਸੇਵਕ (ਬਣ ਗਏ, ਗੁਰੂ ਦੀ ਸਰਨ ਆ ਪਏ)
ਹੇ ਨਾਨਕ! (ਆਖ-) ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ ॥੪॥੮੫॥੧੫੪॥
(ਹੇ ਭਾਈ!) ਪਰਮਾਤਮਾ ਦੇ ਨਾਮ (-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ)।
(ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸ ਪੈਣ,
ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ ॥੧॥
(ਹੇ ਭਾਈ! ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ,
ਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ) ॥੨॥
(ਹੇ ਭਾਈ! ਜਿਸ ਮਨੁੱਖ ਨੇ) ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ,
ਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ॥੩॥
ਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,
ਹੇ ਨਾਨਕ! ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ ਪ੍ਰਭੂ ਦਾ ਭਜਨ ਕਰਦਾ ਹੈ ॥੪॥੮੬॥੧੫੫॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ਉਸ ਦੀ ਸਰਨ ਪਿਆ ਰਹੁ,
(ਕਿਉਂਕਿ) ਪ੍ਰਭੂ-ਚਰਨਾਂ ਵਿਚ ਪਿਆਰ ਪਾਇਆਂ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ (ਭਾਵ, ਹਰੇਕ ਇੰਦ੍ਰਾ) ਸ਼ਾਂਤ ਹੋ ਜਾਂਦਾ ਹੈ ॥੧॥
(ਹੇ ਭਾਈ! ਜੇਹੜੇ ਮਨੁੱਖ) ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ,
ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ ॥੧॥ ਰਹਾਉ ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
ਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੨॥
(ਹੇ ਭਾਈ!) ਸਾਡਾ ਜੀਊਣ, ਸਾਡਾ ਬੁਢੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਵੱਸ ਵਿਚ ਹੈ,
ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗਿਰਾਹੀ ਦੇ ਨਾਲ ਸਿਮਰਦਾ ਰਹੁ ॥੩॥
(ਹੇ ਭਾਈ!) ਉਸ ਮਾਲਕ-ਪ੍ਰਭੂ ਦਾ ਨਾਮ ਹੀ (ਸਾਡੀ ਜ਼ਿੰਦਗੀ ਦਾ) ਸਹਾਰਾ ਹੈ।
ਹੇ ਨਾਨਕ! (ਆਖ-) ਇਕ ਪਰਮਾਤਮਾ ਹੀ (ਸਾਡਾ ਜੀਵਾਂ ਦਾ) ਮਿੱਤਰ ਹੈ ਸੱਜਣ ਹੈ ਸਾਥੀ ਹੈ ॥੪॥੮੭॥੧੫੬॥
(ਹੇ ਭਾਈ!) ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ,
ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ।
ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
ਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ ॥੨॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।
(ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ ॥੩॥
(ਹੇ ਭਾਈ! ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ।
ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੮੮॥੧੫੭॥
(ਹੇ ਭਾਈ!) ਗੋਬਿੰਦ ਦੇ ਗੁਣ ਗਾਂਵਿਆਂ (ਮਨੁੱਖ ਦਾ) ਇਹ ਹਿਰਦਾ-ਥਾਂ ਭਾਗਾਂ ਵਾਲਾ ਬਣ ਜਾਂਦਾ ਹੈ,
(ਕਿਉਂਕਿ ਜਿਸ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਆ ਵੱਸੀ, ਉਸ ਵਿਚ) ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਲਿਆ ਵਸਾਏ ॥੧॥ ਰਹਾਉ ॥
(ਹੇ ਭਾਈ!) ਬਿਪਤਾ (ਸਦਾ) ਉਸ ਹਿਰਦੇ ਵਿਚ (ਵਾਪਰੀ ਰਹਿੰਦੀ) ਹੈ, ਜਿਸ ਵਿਚ ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਹੈ।
ਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ ॥੧॥
(ਹੇ ਭਾਈ!) ਜੇ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਵਿਸਰ ਜਾਏ, ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ (ਆ ਘੇਰਦੇ ਹਨ)।
(ਪਰ) ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਜਮ (ਮੌਤ ਦਾ ਭਉ) ਨੇੜੇ ਨਹੀਂ ਢੁੱਕਦਾ (ਆਤਮਕ ਮੌਤ ਨਹੀਂ ਆਉਂਦੀ) ॥੨॥
(ਹੇ ਭਾਈ!) ਉਹ ਹਿਰਦਾ-ਥਾਂ ਵੱਡੇ ਭਾਗਾਂ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ,
ਜਿਸ ਵਿਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ॥੩॥
(ਹੇ ਭਾਈ!) ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ।
ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਆਪਣੀ ਕਿਰਪਾ ਨਾਲ ਮੈਨੂੰ) ਨਾਨਕ ਨੂੰ ਮਿਲ ਪਿਆ ਹੈ ॥੪॥੮੯॥੧੫੮॥
ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ,
ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ॥੧॥
(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦੇ ਨਾਮ) ਦਾ ਸਿਮਰਨ ਕਰਿਆ ਕਰ।
ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੧॥ ਰਹਾਉ ॥