ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ,
ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਪਰ, ਮੈਂ ਤੇਰੀ ਕਦਰ ਨਹੀਂ ਜਾਤੀ। ਨਾਨਕ (ਕਹਿੰਦਾ ਹੈ)! ॥੧॥
(ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ।
ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ ॥੨॥
ਜੇ ਪਿਆਰੇ ਪ੍ਰਭੂ ਨੂੰ ਸਿਮਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ।
ਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਘਾਣ (ਭਾਵ, ਸਾਰੇ ਹੀ ਰੋਗ) ਨਾਸ ਹੋ ਜਾਂਦੇ ਹਨ।
ਜੇ ਪ੍ਰਭੂ ਚਿਤ ਵਿਚ ਆ ਵੱਸੇ ਤਾਂ ਚਿਤ ਵਿਚ ਠੰਢ ਪੈ ਜਾਂਦੀ ਹੈ।
ਜੇ ਪ੍ਰਭੂ ਦਾ ਨਾਮ ਮਨ ਵਿਚ ਵੱਸ ਪਏ, ਤਾਂ ਆਸ ਪੂਰੀ ਹੋ ਜਾਂਦੀ ਹੈ (ਭਾਵ, ਆਸਾ ਤ੍ਰਿਸਨਾ ਆਦਿਕ ਮਿਟ ਜਾਂਦੀ ਹੈ)।
ਜੇ ਆਪਾ ਭਾਵ ਗਵਾ ਦੇਈਏ ਤਾਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਔਕੜ ਨਹੀਂ ਆਉਂਦੀ।
ਜੇ ਸਤਿਗੁਰੂ ਤੋਂ ਮੱਤ ਹਾਸਲ ਕਰੀਏ ਤਾਂ (ਪ੍ਰਭੂ ਦੇ) ਗਿਆਨ ਦਾ ਖ਼ਜ਼ਾਨਾ (ਮਿਲ ਜਾਂਦਾ ਹੈ)।
ਪਰ, ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪਰਾਪਤ ਕੀਤੇ ਜਿਸ ਨੂੰ ਪ੍ਰਭੂ ਨੇ ਆਪ (ਗੁਰੂ ਦੀ ਰਾਹੀਂ) ਦਿਵਾਏ ਹਨ।
(ਹੇ ਪ੍ਰਭੂ!) ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੇ ਸਾਏ ਹੇਠ ਹੈ ॥੮॥
(ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ।
ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥
ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ,
ਪਰ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥
(ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ।
ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ,
ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ।
ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ।
ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ,
ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ।
ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥
(ਜਗਤ-ਰੂਪ ਇਸ) ਬਿਗਾਨੀ ਜੂਹ ਵਿਚ (ਫਸ ਜਾਣ ਕਰਕੇ, ਤੇ ਤ੍ਰਿਸ਼ਨਾ ਦੀ) ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ ਵਿਚ ਵਾਹਰਾਂ ਪੈ ਰਹੀਆਂ ਹਨ (ਭਾਵ, ਜੀਵ ਘਬਰਾਏ ਹੋਏ ਹਨ);
ਪਰ, ਹੇ ਪਤੀ (ਪ੍ਰਭੂ)! ਮੈਂ ਨਾਨਕ (ਦੇ ਚਿੱਤ) ਦੀ ਡੋਰ ਤੇਰੇ (ਚਰਨਾਂ) ਨਾਲ ਲੱਗੀ ਹੋਈ ਹੈ, (ਇਸ ਵਾਸਤੇ) ਮੈਂ ਆਨੰਦ ਨਾਲ (ਇਸ ਸੰਸਾਰ) ਜੰਗਲ ਵਿਚੋਂ ਦੀ ਲੰਘ ਰਿਹਾ ਹਾਂ ॥੧॥
ਉਹਨਾਂ ਮਨੁੱਖਾਂ ਨਾਲ ਤੋੜ ਨਿਭਣ ਵਾਲੀ ਮੁਹੱਬਤ (ਕਰਨੀ ਚਾਹੀਦੀ ਹੈ) ਜਿਨ੍ਹਾਂ ਨਾਲ (ਬੈਠਿਆਂ ਪਰਮਾਤਮਾ ਦਾ) ਨਾਮ ਸਿਮਰਿਆ ਜਾ ਸਕੇ;
ਹੇ ਨਾਨਕ! ਜਿਨ੍ਹਾਂ ਨੂੰ (ਹਰ ਵੇਲੇ) ਆਪਣੀ ਹੀ ਗ਼ਰਜ਼ ਹੋਵੇ, ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ ॥੨॥
ਉਹ ਘੜੀ ਥਾਂ ਪਈ ਜਾਣੋ ਜਿਸ ਘੜੀ ਮਨੁੱਖ ਨੂੰ ਸਤਿਗੁਰੂ ਮਿਲ ਪਿਆ।
ਜਿਸ ਮਨੁੱਖ ਨੂੰ ਗੁਰੂ ਦਾ ਮੇਲ ਹੋ ਗਿਆ, ਉਹ ਮੁੜ ਦੁੱਖਾਂ ਦੀ ਜ਼ਦ ਵਿਚ ਨਹੀਂ ਆਉਂਦਾ।
(ਗੁਰੂ ਮਿਲਿਆਂ) ਜਿਸ ਨੂੰ ਪੱਕਾ ਟਿਕਾਣਾ ਲੱਭ ਪਿਆ, ਉਹ ਫਿਰ (ਹੋਰ ਹੋਰ) ਜੂਨਾਂ ਵਿਚ ਨਹੀਂ ਪੈਂਦਾ।
ਉਸ ਨੂੰ ਹਰ ਥਾਂ ਇਕ ਬ੍ਰਹਮ ਹੀ ਦਿੱਸਦਾ ਹੈ; (ਬਾਹਰ ਵਲੋਂ ਆਪਣੀ) ਨਜ਼ਰ ਨੂੰ ਸਮੇਟ ਕੇ।
(ਪ੍ਰਭੂ ਵਿਚ) ਧਿਆਨ ਲਾ ਕੇ ਉਹ ਅਸਲ ਉੱਚੀ ਸਮਝ ਹਾਸਲ ਕਰ ਲੈਂਦਾ ਹੈ।
ਉਹ ਜੋ ਕੁਝ ਮੂੰਹੋਂ ਬੋਲਦਾ ਹੈ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਜਾਪ ਹੀ ਬੋਲਦਾ ਹੈ।
ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਖਿੜੇ-ਮੱਥੇ ਰਹਿੰਦਾ ਹੈ ਤੇ ਸੁਖੀ ਹੀ ਸੁਖੀ ਰਹਿੰਦਾ ਹੈ।
(ਗੁਰੂ ਦੀ ਸਰਨ ਪਏ ਜਿਨ੍ਹਾਂ ਮਨੁੱਖਾਂ ਨੂੰ) ਪਰਖ ਕੇ (ਪ੍ਰਭੂ ਨੇ ਆਪਣੇ) ਖ਼ਜ਼ਾਨੇ ਵਿਚ ਪਾਇਆ ਹੈ ਉਹ ਮੁੜ ਖੋਟੇ ਨਹੀਂ ਹੁੰਦੇ ॥੧੦॥
(ਪ੍ਰਭੂ ਦੇ ਚਰਨਾਂ ਨਾਲੋਂ) ਵਿਛੋੜੇ (ਦੇ ਦੁੱਖ) ਜੰਬੂਰ (ਦੇ ਤਸੀਹਾਂ) ਵਾਂਗ ਔਖੇ ਹਨ, ਸਹਾਰੇ ਨਹੀਂ ਜਾ ਸਕਦੇ,
ਹੇ ਨਾਨਕ! ਜੇ ਉਹ ਪ੍ਰਭੂ ਮਾਲਕ ਜੀ ਮਿਲ ਪੈਣ ਤਾਂ ਯਕੀਨਨ ਸਾਰੇ ਸੁਖ ਹੀ ਸੁਖ ਹੋ ਜਾਂਦੇ ਹਨ ॥੧॥