ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੩॥
ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਵਿਖਾ ਦੇਂਦਾ ਹੈ, ਉਹ ਮਨੁੱਖ ਪ੍ਰੇਮ ਨਾਲ ਪ੍ਰਭੂ-ਚਰਨਾਂ ਦਾ ਮਿਲਾਪ ਮਾਣਦਾ ਹੈ।
ਹੇ ਨਾਨਕ! ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦੇਂਦਾ ਹੈ, ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੪॥੬॥੧੬॥
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮਨ ਵਿਚ ਵਸਾ ਕੇ ਮਨ ਦੇ (ਮਾਇਕ) ਫੁਰਨਿਆਂ ਨੂੰ (ਅੰਦਰ) ਮਨ ਵਿਚ ਹੀ ਲੀਨ ਕਰ ਦੇਹ।
ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਹੋ ਜਾਂਦੀ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੧॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨੂੰ (ਆਪਣਾ) ਆਸਰਾ ਬਣਾ।
(ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣਾ ਆਸਰਾ ਬਣਾਂਦਾ ਹੈ) ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਹੇ ਮਨ! ਪਰਮਾਤਮਾ ਹਰੇਕ ਇੱਛਾ ਪੂਰੀ ਕਰਨ ਵਾਲਾ ਹੈ ॥੧॥ ਰਹਾਉ ॥
ਸਭ ਜੀਵਾਂ ਵਿਚ ਇਕ ਪਰਮਾਤਮਾ ਹੀ ਵਿਆਪਕ ਹੈ, ਪਰ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ।
ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਪਰਮਾਤਮਾ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥
ਸੁਖ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ (ਜਿਹੜੇ ਮਨੁੱਖ ਪਰਮਾਤਮਾ ਦਾ ਆਸਰਾ ਨਹੀਂ ਲੈਂਦੇ) ਉਹ ਹੋਰ ਹੋਰ ਥਾਂ ਤੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ।
ਗੁਰੂ (ਪਰਮਾਤਮਾ ਦੇ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੀ ਸਰਨ ਨਹੀਂ ਲਈ, ਉਹ ਆਖ਼ਰ ਇਥੋਂ ਜਾਣ ਵੇਲੇ ਹੱਥ ਮਲਦੇ ਹਨ ॥੩॥
ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ, ਉਸ ਨੇ ਸਦਾ ਆਨੰਦ ਮਾਣਿਆ। ਕੋਈ ਭੀ ਦੁੱਖ ਹੱਲਾ ਕਰ ਕੇ ਉਸ ਨੂੰ ਨਹੀਂ ਚੰਬੜ ਸਕਦਾ।
ਹੇ ਨਾਨਕ! ਜਿਸ ਮਨੁੱਖ ਨੂੰ ਭਾਗਾਂ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੪॥੭॥੧੭॥
ਹੇ ਮਨ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ,
ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ, ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ ॥੧॥
ਹੇ ਮੇਰੇ ਮਨ! ਸਦਾ ਗੁਰੂ ਦੀ ਸਰਨ ਪਿਆ ਰਹੁ।
(ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਪਿਆਰਾ ਲੱਗਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
ਹੇ ਮਨ! (ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਖੁੰਝ ਕੇ) ਕਈ (ਧਾਰਮਿਕ) ਭੇਖ ਬਣਾਂਦਾ ਹੈ, ਉਸ ਦਾ ਮਨ (ਵਿਕਾਰਾਂ ਵਿਚ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਅੰਦਰ ਕਾਮ (ਦਾ ਜ਼ੋਰ) ਹੈ, ਕ੍ਰੋਧ (ਦਾ ਜ਼ੋਰ) ਹੈ, ਅਹੰਕਾਰ (ਦਾ ਜ਼ੋਰ) ਹੈ।
ਉਸ ਦੇ ਅੰਦਰ ਮਾਇਆ ਦੀ ਬੜੀ ਤ੍ਰਿਸ਼ਨਾ ਹੈ, ਮਾਇਆ ਦੀ ਬੜੀ ਭੁੱਖ ਹੈ, ਉਹ (ਕੁੱਤੇ ਵਾਂਗ ਰੋਟੀ ਦੀ ਖ਼ਾਤਰ) ਭੌਂਕਦਾ ਫਿਰਦਾ ਹੈ, (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਫਿਰਦਾ ਹੈ) ॥੨॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦੇ ਹਨ, ਉਹ ਫਿਰ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਪਰਮਾਤਮਾ ਦੇ ਦਰ ਤੇ (ਉਹਨਾਂ ਦੀ ਪਹੁੰਚ ਹੋ ਜਾਂਦੀ ਹੈ)।
ਉਹਨਾਂ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ ॥੩॥
ਪਰ, (ਜੀਵਾਂ ਦੇ ਕੁਝ ਵੱਸ ਨਹੀਂ) ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ, ਅਸਾਂ ਜੀਵਾਂ ਦਾ ਉਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲ ਸਕਦਾ।
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ॥੪॥੮॥੧੮॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ। ਉਹ ਉਹੀ ਕੁਝ ਕਰਦਾ ਰਹਿੰਦਾ ਹੈ ਜਿਸ ਤੋਂ ਉਹ ਦੁੱਖ ਹੀ ਸਹੇੜਦਾ ਹੈ ਦੁੱਖ ਹੀ ਸਹਾਰਦਾ ਹੈ।
ਉਸ ਦੇ ਅੰਦਰ ਲੋਭ (ਟਿਕਿਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ) ਹਲਕ (ਹੋ ਜਾਂਦਾ) ਹੈ (ਕੁੱਤਾ ਆਪ ਭੀ ਦੁਖੀ ਹੁੰਦਾ ਹੈ ਲੋਕਾਂ ਨੂੰ ਭੀ ਦੁਖੀ ਕਰਦਾ ਹੈ। ਇਸੇ ਤਰ੍ਹਾਂ ਲੋਭੀ ਨੂੰ) ਬਹੁਤ ਦੁੱਖ ਬਣਿਆ ਰਹਿੰਦਾ ਹੈ। ਚੰਗੇ ਮੰਦੇ ਕੰਮ ਦੀ ਪਰਖ ਨਾਹ ਕਰ ਸਕਣ ਕਰਕੇ ਉਹ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਵਿਚ ਜੀਵਨ (-ਢੰਗ) ਇਹੋ ਜਿਹਾ ਹੀ ਰਹਿੰਦਾ ਹੈ ਕਿ ਉਸ ਨੂੰ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ।
ਉਹ ਪਰਮਾਤਮਾ ਦਾ ਨਾਮ ਕਦੇ ਭੀ ਯਾਦ ਨਹੀਂ ਕਰਦਾ, ਪਰਮਾਤਮਾ ਨਾਲ ਉਸ ਦਾ ਕਦੇ ਭੀ ਪਿਆਰ ਨਹੀਂ ਬਣਦਾ ॥੧॥ ਰਹਾਉ ॥
ਮਨ ਦਾ ਮੁਰੀਦ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ, ਉਸ ਨੂੰ ਸਮਝ ਨਹੀਂ ਆਉਂਦੀ (ਕਿ ਇਹ ਜੀਵਨ-ਰਾਹ ਗ਼ਲਤ ਹੈ)। ਨਾਸਵੰਤ ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਾ ਕਰਦਾ ਉਸੇ ਦਾ ਰੂਪ ਹੋਇਆ ਰਹਿੰਦਾ ਹੈ।
ਪਰ ਜੇ ਉਸ ਨੂੰ ਗੁਰੂ ਮਿਲ ਪਏ, ਤਾਂ ਉਸ ਦੀ ਸੁਰਤ ਮਾਇਆ ਵਲੋਂ ਪਰਤ ਜਾਂਦੀ ਹੈ (ਫਿਰ ਉਹ) ਖੋਜ ਕਰ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ (ਪਰ ਅਜਿਹਾ ਹੁੰਦਾ) ਕੋਈ ਵਿਰਲਾ ਹੀ ਹੈ ॥੨॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ, ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
ਗੁਰੂ ਦੀ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ ॥੩॥
(ਪਰ, ਮਨਮੁਖ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਤੇ ਪਾਂਦਾ ਹੈ, ਆਪ ਹੀ ਗੁਰੂ ਦੀ ਰਾਹੀਂ ਇੱਜ਼ਤ ਬਖ਼ਸ਼ਦਾ ਹੈ।