(ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ।
ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ।
ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।
ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
(ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ।
ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ।
ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ।
ਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ।
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ।
ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ ॥੨॥
ਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ।
ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ,
ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।
ਹੇ ਨਾਨਕ! (ਆਖ-) ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ॥੩॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ।
ਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ।
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ (ਦੇ ਮੋਹ) ਦੀ ਮੈਲ ਲੱਗੀ ਰਹਿੰਦੀ ਹੈ।
(ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ) ਧਾਰਮਿਕ ਰਸਮਾਂ ਕਰਦੇ ਹਨ (ਵਧੀਕ) ਅਹੰਕਾਰੀ ਹੁੰਦੇ ਜਾਂਦੇ ਹਨ (ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ, ਸਗੋਂ) ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ।
(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ।
ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਦਾ ਰਸਤਾ ਲੱਭ ਲੈਂਦਾ ਹੈ ॥੪॥
(ਜੇਹੜਾ ਮਨੁੱਖ) ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,
ਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ।
ਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ।
ਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ (ਔਖਿਆਈਆਂ ਤੋਂ) ਬਚਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।
ਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ।
ਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ (ਜਿਨ੍ਹਾਂ ਦੇ ਹਿਰਦੇ) ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ,
ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ।
ਉਹ ਮਨ-ਇੱਜ਼ਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ।