ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ।
ਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ। ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ।
ਨਾਨਕ ਬੇਨਤੀ ਕਰਦਾ ਹੈ ਕਿ ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ ॥੨॥
(ਮੇਰੀ ਇਸ) ਇਕੋ ਹਿਰਦਾ-ਸੇਜ ਉਤੇ ਪ੍ਰਭੂ-ਪਤੀ (ਮੇਰੇ) ਨਾਲ (ਵੱਸਦਾ) ਹੈ, ਪਰ ਮੈਨੂੰ ਦਰਸਨ ਪ੍ਰਾਪਤ ਨਹੀਂ ਹੁੰਦਾ!
ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਸੱਦਿਆ ਭੀ ਕਿਵੇਂ ਜਾਏ? ਮੇਰੇ ਵਿਚ (ਤਾਂ) ਅਨੇਕਾਂ ਅਉਗਣ ਹਨ।
ਗੁਣ-ਹੀਨ, ਨਿਮਾਣੀ, ਨਿਆਸਰੀ (ਜੀਵ-ਇਸਤ੍ਰੀ) ਬੇਨਤੀ ਕਰਦੀ ਹੈ ਕਿ ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਮਿਲ।
ਹੇ ਨੌ ਖ਼ਜ਼ਾਨਿਆਂ ਦੇ ਮਾਲਕ ਪ੍ਰਭੂ! ਇਕ ਪਲਕ ਮਾਤ੍ਰ ਤੇਰਾ ਦਰਸਨ ਕੀਤਿਆਂ (ਤੈਥੋਂ ਵਿਛੋੜਨ ਵਾਲੀ) ਭਟਕਣਾ ਦੀ ਕੰਧ ਦੂਰ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਲੀਨਤਾ ਹੋ ਜਾਂਦੀ ਹੈ।
ਜਦੋਂ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਿਆਰਾ ਪ੍ਰਭੂ-ਪਤੀ ਆ ਵੱਸਦਾ ਹੈ ਜਦੋਂ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ, ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖ਼ੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ।
ਹੇ ਗੁਰੂ! ਨਾਨਕ ਤੇਰੇ ਚਰਨਾਂ ਵਿਚ ਆ ਪਿਆ ਹੈ, ਤੇਰੀ ਸਰਨ ਆ ਗਿਆ ਹੈ (ਮੈਨੂੰ ਨਾਨਕ ਨੂੰ) ਪਰਮਾਤਮਾ-ਪਤੀ ਦਾ ਦਰਸਨ ਕਰਾ ਦੇ ॥੩॥
ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਹੈ,
ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ, ਮੇਰੇ ਮਨ ਵਿਚ ਠੰਢ ਪੈ ਗਈ ਹੈ, (ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਗਈ ਹੈ।
ਉਹ ਦਿਨ (ਮੇਰੇ ਵਾਸਤੇ) ਭਾਗਾਂ ਵਾਲਾ ਹੈ ਉਹ ਰਾਤ ਸੋਹਣੀ ਹੈ (ਜਦੋਂ ਮੈਨੂੰ ਪਰਮਾਤਮਾ ਮਿਲਿਆ, ਜਿਸ ਨਾਲ) ਬਹੁਤ ਆਨੰਦ ਖ਼ੁਸ਼ੀਆਂ ਸਵਾਦ ਬਣੇ ਪਏ ਹਨ,
(ਮੇਰੇ ਹਿਰਦੇ ਵਿਚ) ਪਿਆਰੇ ਗੋਪਾਲ ਗੋਬਿੰਦ ਜੀ ਪਰਗਟ ਹੋ ਗਏ ਹਨ, ਮੈਂ ਆਪਣੀ ਜੀਭ ਨਾਲ (ਉਸ ਮਿਲਾਪ ਦੇ) ਕੇਹੜੇ ਕੇਹੜੇ ਗੁਣ (ਲਾਭ) ਦੱਸਾਂ?
(ਮੇਰੇ ਅੰਦਰੋਂ) ਭਟਕਣਾ, ਲੋਭ, ਮੋਹ, ਆਦਿਕ ਸਾਰੇ ਵਿਕਾਰ ਦੂਰ ਹੋ ਗਏ ਹਨ, ਮੇਰੇ ਗਿਆਨ-ਇੰਦ੍ਰੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾ ਰਹੇ ਹਨ।
ਹੁਣ ਨਾਨਕ ਗੁਰੂ ਦੇ ਚਰਨਾਂ ਵਿਚ ਢਹਿ ਪਿਆ ਹੈ, ਗੁਰੂ ਅੱਗੇ ਹੀ ਅਰਜ਼ੋਈ ਕਰਦਾ ਰਹਿੰਦਾ ਹੈ, ਕਿਉਂਕਿ ਉਸ ਗੁਰੂ ਨੇ ਮਿਲਾਪ ਦੇ ਲੇਖ ਦੀ ਰਾਹੀਂ (ਮਿਲਾਪ ਦੇ ਲੇਖ ਨੂੰ ਉਜਾਗਰ ਕਰ ਕੇ) ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ ॥੪॥੨॥
ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ,
ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ।
ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।
ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
ਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ, ਕਮਜ਼ੋਰ, ਨੀਚ ਤੇ ਅੰਞਾਣ ਹਾਂ।
ਨਾਨਕ ਬੇਨਤੀ ਕਰਦਾ ਹੈ ਕਿ ਮੈਂ ਤੇਰੀ ਸਰਨ ਆਇਆ ਹਾਂ, ਤੂੰ ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ ॥੧॥
ਗੁਰਮੁਖਾਂ ਦੀ ਸਰਨ ਪਿਆਂ ਪਰਮਾਤਮਾ ਮਿਲ ਪੈਂਦਾ ਹੈ, ਤੇ, ਅਸੀਂ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ।
ਹੇ ਪ੍ਰਭੂ ਜੀ! (ਮੇਹਰ ਕਰ) ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿਚ ਮੇਰੇ ਮੱਥੇ ਉਤੇ ਲੱਗਦੀ ਰਹੇ (ਜਿਸ ਦੀ ਬਰਕਤਿ ਨਾਲ) ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਭੀ ਪਵਿਤ੍ਰ ਹੋ ਜਾਂਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤ ਵਿਚ ਵਿਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਹੋਏ ਬੰਦੇ ਆਤਮਕ ਜੀਵਨ ਦੀਆਂ ਦਾਤਾਂ ਦੇਣ-ਜੋਗੇ ਹੋ ਜਾਂਦੇ ਹਨ, ਉਹ ਇਹ ਦਾਤਾਂ ਨਿੱਤ ਦੇਂਦੇ ਹਨ ਤੇ ਇਹ ਵਧਦੀਆਂ ਰਹਿੰਦੀਆਂ ਹਨ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵੱਡੀ ਕਿਸਮਤ ਨਾਲ ਹੀ ਮਿਲਦੇ ਹਨ ॥੨॥
ਜਿਨ੍ਹਾਂ ਮਨੁੱਖਾਂ ਨੇ (ਸਦਾ) ਸਦਾ-ਥਿਰ ਰਹਿਣ ਵਾਲੇ ਹਰਿ-ਨਾਮ ਦਾ ਵਪਾਰ ਕੀਤਾ ਹੈ ਉਹ ਭਰੇ ਭੰਡਾਰਾਂ ਵਾਲੇ ਸ਼ਾਹੂਕਾਰ ਹਨ,
ਉਹਨਾਂ ਪਾਸ (ਹਰਿ-ਨਾਮ ਦਾ) ਬਹੁਤ ਖ਼ਜ਼ਾਨਾ ਹੈ, ਉਹ (ਇਸ ਵਪਾਰ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ) ਖੱਟੀ ਖੱਟਦੇ ਹਨ।
ਜੇਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ, ਉਹਨਾਂ ਉੱਤੇ ਨਾਹ ਕਾਮ, ਨਾਹ ਕ੍ਰੋਧ ਨਾਹ ਲੋਭ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ,
ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦੇ ਹਨ, ਉਸ ਨੂੰ ਹੀ (ਪੱਕਾ ਸਾਥੀ) ਮੰਨਦੇ ਹਨ ਤੇ ਉਸ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦੇ ਹਨ।
ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਪਰਮਾਤਮਾ ਦੇ ਮਿਲਾਪ ਦਾ) ਚਾਉ ਚੜ੍ਹਿਆ ਰਹਿੰਦਾ ਹੈ।
ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਿਕੇ ਰਹਿੰਦੇ ਹਨ ॥੩॥
ਹੇ ਨਾਨਕ! (ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ।