(ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ,
ਹੇ ਨਾਨਕ! (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ ॥੨॥
(ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ।
ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ।
ਤੇਰੀ ਅਸਰਜ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ।
(ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਹੇ ਪ੍ਰਭੂ! ਮੇਹਰ ਕਰ!), ਮੇਰੀ ਭੀ ਆਤਮਕ ਅਵਸਥਾ ਉੱਚੀ ਕਰ!
(ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ।
ਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ।
ਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।
ਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ॥੧੧॥
ਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ,
ਹੇ ਨਾਨਕ! (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ) ॥੧॥
(ਜਿਨ੍ਹਾਂ ਕਾਮਾਦਿਕਾਂ ਨੇ ਮੇਰੀ ਖੇਤੀ) ਉਜਾੜ ਦਿੱਤੀ ਸੀ ਉਹਨਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ਲੱਭ ਲਿਆ ਹੈ,
ਤੈਂ ਖਸਮ ਨੇ ਮੇਰੀ ਪੈਲੀ ਨੂੰ (ਗੁਰੂ ਦੀ ਸਹੈਤਾ ਦੀ) ਵਾੜ ਦੇ ਦਿੱਤੀ ਹੈ, ਹੁਣ ਨਾਨਕ ਦੀ ਪੈਲੀ ਨਹੀਂ ਉਜੜਦੀ ॥੨॥
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ।
ਪ੍ਰਭੂ ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤ ਭੀ ਦੇਣ ਵਾਲਾ ਹੈ), ਤੇ ਇਕ ਪਲਕ ਵਿਚ (ਸਾਰੇ ਕੰਮ) ਸਿਰੇ ਚਾੜ੍ਹ ਦੇਂਦਾ ਹੈ।
ਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ!
ਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ!
ਜੇ ਸੰਤਾਂ ਦੀ ਸੰਗਤ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ, ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ।
ਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।
ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ।
ਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ ॥੧੨॥
ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ।
(ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥
ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ,
ਹੇ ਨਾਨਕ! ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ॥੨॥
ਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ।
ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ।
ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ।
ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ।
(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ,
ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ,
ਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ।
(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥
ਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਹਨ ਉਹੀ ਹਰਿ-ਨਾਮ ਜਪਦੇ ਹਨ,
ਤੇ, ਹੇ ਨਾਨਕ! ਸਾਧ ਸੰਗਤ ਵਿਚ ਮਿਲਣ ਕਰ ਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ ॥੧॥
ਹੇ ਵੱਡੇ ਭਾਗਾਂ ਵਾਲਿਓ! ਉਸ ਪਰਮਾਤਮਾ ਨੂੰ ਸਿਮਰੋ ਜੋ ਪਾਣੀ ਵਿਚ ਧਰਤੀ ਦੇ ਅੰਦਰ ਧਰਤੀ ਦੇ ਉਪਰ (ਹਰ ਥਾਂ) ਮੌਜੂਦ ਹੈ।
ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ-ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੨॥
ਬੰਦਗੀ ਕਰਨ ਵਾਲੇ ਮਨੁੱਖਾਂ ਦਾ ਬੋਲਿਆ ਬਚਨ ਮੰਨਣ-ਯੋਗ ਹੁੰਦਾ ਹੈ, ਪ੍ਰਭੂ ਦੀ ਦਰਗਾਹ ਵਿਚ (ਭੀ) ਕਬੂਲ ਹੁੰਦਾ ਹੈ।
ਹੇ ਪ੍ਰਭੂ! ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ, ਉਹ ਸੱਚੇ ਨਾਮ ਵਿਚ ਰੰਗੇ ਰਹਿੰਦੇ ਹਨ।
ਪ੍ਰਭੂ ਜਿਸ ਮਨੁੱਖ ਉਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ।