ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥
ਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ,
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥
ਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ।
(ਪਰ ਤਾਂ) ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ।
ਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ।
(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ॥੨॥
ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ।
(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ॥੩॥
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ,
ਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।
ਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੧॥੪੦॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ।
ਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ।
ਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ ॥੧॥
(ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ।
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ ॥੧॥ ਰਹਾਉ ॥
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ;
ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ॥੨॥
ਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ,
(ਹਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ।
(ਹੇ ਭਾਈ!) ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ
ਅਤੇ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ॥੩॥
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
(ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ।
(ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ।
ਹੇ ਨਾਨਕ! (ਉਸ ਦੇ ਉੱਚੇ ਜੀਵਨ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੪॥੨॥੪੧॥
(ਹੇ ਭਾਈ!) ਸਤਿਗੁਰੂ ਵਿਚ ਇਹ ਵੱਡਾ ਭਾਰਾ ਗੁਣ ਹੈ,
ਕਿ ਉਹ ਅਨੇਕਾਂ ਜਨਮਾਂ ਦੇ ਵਿਛੁੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।
ਪ੍ਰਭੂ ਆਪ ਹੀ (ਗੁਰੂ) ਮਿਲਾਂਦਾ ਹੈ, ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ,
ਤੇ (ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿਚ) ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ॥੧॥
(ਹੇ ਭਾਈ!) ਕਿਸ ਤਰੀਕੇ ਨਾਲ (ਮਨੁੱਖ ਦੇ ਮਨ ਵਿਚ) ਪਰਮਾਤਮਾ (ਦੇ ਨਾਮ) ਦੀ ਕਦਰ ਪੈਦਾ ਹੋਵੇ?
ਪਰਮਾਤਮਾ ਪਰੇ ਤੋਂ ਪਰੇ ਹੈ, ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ। (ਬੱਸ!) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ (ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ) ॥੧॥ ਰਹਾਉ ॥
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ।
ਕਿਸੇ ਵਿਰਲੇ ਨੂੰ ਪਰਮਾਤਮਾ ਦੀ ਮੇਹਰ ਨਾਲ (ਪਰਮਾਤਮਾ ਦਾ ਨਾਮ) ਮਿਲਦਾ ਹੈ।
ਸਭ ਤੋਂ ਉੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।
ਕੋਈ (ਵਿਰਲਾ ਭਾਗਾਂ ਵਾਲਾ ਮਨੁੱਖ) ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੨॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ (ਵਿਕਾਰਾਂ ਦਾ) ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ,
ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ।
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖ ਪੈਦਾ ਕਰਨ,
(ਇਸ ਤਰ੍ਹਾਂ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ ॥੩॥
(ਹੇ ਭਾਈ!) ਪਰਮਾਤਮਾ ਦਾ ਨਾਮ (ਇਕ ਐਸਾ ਅੰਮ੍ਰਿਤ ਹੈ ਜੋ) ਮਿੱਠਾ ਹੈ, ਬੜੇ ਰਸ ਵਾਲਾ ਹੈ।
ਪਰ ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਪਰਮਾਤਮਾ ਆਪ ਪਿਲਾਏ।
ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ-ਜਲ ਦਾ ਆਨੰਦ ਮਾਣਦਾ ਹੈ।
ਹੇ ਨਾਨਕ! ਨਾਮ-ਰੰਗਿ ਵਿਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੩॥੪੨॥
(ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ।
ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ।
(ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ,
ਅਸੀਂ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ ॥੧॥