ਹੇ ਪਿਆਰੇ ਗੁਰੂ! ਮੈਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼।
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ, (ਗੁਰੂ) ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥
ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਢਹਿ ਪੈਂਦੇ ਹਨ, (ਗੁਰੂ) ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।
ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਹਨਾਂ ਦੇ ਜੀਵਨ) ਸੋਹਣੇ ਬਣ ਜਾਂਦੇ ਹਨ ॥੧॥
ਜਿਹੜੇ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵਸਾਂਦੇ ਹਨ, ਜੀਭ ਨਾਲ ਉਸ ਨੂੰ ਸਲਾਹੁੰਦੇ ਹਨ, ਮਨ ਵਿਚ ਉਸ ਨਾਮ-ਰਸ ਨੂੰ ਵਿਚਾਰਦੇ ਹਨ,
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ (ਆਪਣੇ ਅੰਦਰ) ਪਛਾਣ ਲਿਆ, ਉਹ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ ॥੨॥
ਜਿਹੜਾ ਗੁਰੂ-ਪੁਰਖ ਅਡੋਲ-ਚਿੱਤ ਰਹਿਣ ਵਾਲਾ ਹੈ, ਜਿਸ ਦੀ ਮੱਤ (ਵਿਕਾਰਾਂ ਦੇ ਟਾਕਰੇ ਤੇ) ਸਦਾ ਅਹਿੱਲ ਰਹਿੰਦੀ ਹੈ, ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰਿ-ਨਾਮ ਦਾ ਸਹਾਰਾ ਹੈ,
ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ, ਉਸ ਗੁਰੂ ਤੋਂ ਮੈਂ (ਸਦਾ) ਸਦਕੇ ਜਾਂਦਾ ਹਾਂ ॥੩॥
(ਗੁਰੂ ਵਾਲਾ ਪਾਸਾ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ-ਭੱਜ ਦੇ ਕਾਰਨ ਮਾਇਆ ਦੇ ਮੋਹ ਵਿਚ (ਹੀ) ਫਸੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਬਣਿਆ ਰਹਿੰਦਾ ਹੈ)।
ਉਹਨਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿੱਸਦਾ ਹੀ ਨਹੀਂ, ਉਹ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਨਾਹ ਉਰਲੇ ਪਾਸੇ ਨਾਹ ਪਾਰਲੇ ਪਾਸੇ (ਪਹੁੰਚ ਸਕਦੇ ਹਨ, ਸੰਸਾਰ-ਸਮੁੰਦਰ ਦੇ ਵਿਚ ਹੀ ਗੋਤੇ ਖਾਂਦੇ ਰਹਿੰਦੇ ਹਨ) ॥੪॥
ਜਿਹੜਾ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਮੌਜੂਦ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਆਪਣੀ ਸੱਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।
ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਬਚਾਈ ਰੱਖ ॥੫॥੩॥
ਪਰਮਾਤਮਾ ਦੀ ਸੇਵਾ-ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ,
ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ, ਅਤੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਿਆ ਕਰ ॥੧॥ ਰਹਾਉ ॥
(ਜਿਸ ਮਨੁੱਖ ਨੂੰ ਆਪਣੇ ਮਨ ਵਿਚ) ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ (ਦੁਨੀਆ ਵਾਲੀ) ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ।
(ਉਸ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋਈ ਰਹਿੰਦੀ ਹੈ ॥੧॥
ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤਦੋਂ ਹੀ ਉਸ ਦਾ ਮਨ (ਮਾਇਆ ਦੀਆਂ ਭੁੱਖਾਂ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ।
ਸਤਿਗੁਰੂ ਜੀ ਜਦੋਂ ਉਸ ਉਤੇ ਦਇਆਵਾਨ ਹੁੰਦੇ ਹਨ, ਤਦੋਂ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੨॥
ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਸ ਮਨੁੱਖ ਨੇ ਜਗਤ ਦੇ ਮੂਲ-ਪ੍ਰਭੂ ਵਿਚ ਸੁਰਤ ਜੋੜ ਕੇ ਉਸ ਦਾ ਸਿਮਰਨ ਕੀਤਾ,
ਉਸ ਦੀ ਮੱਤ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਪਰਗਟ ਹੋ ਗਈ, ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ ਉਸ ਦਾ ਮਨ (ਉਸ ਯਾਦ ਵਿਚ) ਗਿੱਝ ਗਿਆ ॥੩॥
ਪਰ, (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਠੱਗੀ ਵੱਸਦੀ ਹੈ, ਉਹ ਮਨੁੱਖ (ਨਿਰਾ) ਮੂੰਹੋਂ ਹਰਿ-ਨਾਮ ਸੁਣਾ ਸੁਣਾ ਕੇ (ਅੰਦਰੋਂ ਅੰਦਰ) ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ।
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਲੋਭ ਵੱਸਦਾ ਹੈ, ਉਸ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਉਹ ਮਨੁੱਖ ਇਉਂ ਹੈ ਜਿਵੇਂ ਉਹ ਦਾਣਿਆਂ ਤੋਂ ਸੱਖਣੇ ਨਿਰੇ ਤੋਹ ਹੀ ਕੁੱਟਦਾ ਰਹਿੰਦਾ ਹੈ ਅਤੇ ਤੋਹ ਕੁੱਟਣ ਦੀਆਂ ਖੇਚਲਾਂ ਹੀ ਸਹਾਰਦਾ ਹੈ ॥੪॥
ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਬੜੇ ਪਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਂਦਾ ਹੈ।
ਹੇ ਨਾਨਕ! ਤਦੋਂ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰਿ-ਨਾਮ ਮਨ ਵਿਚ ਵਸਾਂਦਾ ਹੈ, ਅਤੇ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਹੈ ॥੫॥੪॥
(ਤਦੋਂ ਤੋਂ) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ,
(ਜਦੋਂ ਤੋਂ) ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, (ਤਦੋਂ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥
ਹੇ ਪ੍ਰਭੂ ਜੀ! ਮੈਂ ਗਰੀਬ ਸੇਵਕ ਉੱਤੇ ਦਇਆਵਾਨ ਹੋਵੋ, ਮੈਨੂੰ ਦਾਸ ਨੂੰ ਕਦੇ ਨਾਹ ਮੁੱਕਣ ਵਾਲੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੋ।
ਜਿਸ ਮਨੁੱਖ ਨੇ ਸੰਤ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਉਹ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਨੁੱਖ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦੇ ਹਨ।
ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਮਿਲ ਪਿਆ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਉਸ ਦਾ ਜਨਮ ਮਰਨ ਦਾ ਸਾਰਾ ਗੇੜ ਮੁੱਕ ਗਿਆ ॥੨॥
ਹੇ ਪ੍ਰਭੂ! ਹੇ ਸੁਆਮੀ! ਮੇਰੇ ਅੰਦਰ ਤਾਂਘ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮ ਜਪਦਾ ਰਹਾਂ,