ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ)।
ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤਰ੍ਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ ॥੧॥
ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ।
ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ।
(ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ ॥੨॥
(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ।
(ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ ॥੩॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸ੍ਰਿਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ।
ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ॥੪॥੯॥੬੧॥
ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ), ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ?
(ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ। ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ ॥੧॥
(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ,
ਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ) ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ॥੧॥ ਰਹਾਉ ॥
(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ?
ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ। ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ॥੨॥
(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ ਖਿਲਾਰੇ? ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ।
ਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ ॥੩॥
(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ? ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ।
ਹੇ ਦਾਸ ਨਾਨਕ! (ਆਖ-ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ ॥੪॥੧੦॥੬੨॥
(ਹੇ ਮੇਰੇ ਵੀਰ!) ਪ੍ਰਭੂ ਦੀ ਗੁਰੂ ਦੀ ਸਾਧ ਸੰਗਤਿ ਵਿਚ ਮਿਲਣਾ ਚਾਹੀਦਾ ਹੈ। (ਹੇ ਵੀਰ!) ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ।
(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੧॥
ਹੇ ਹਰੀ ਦੇ ਸੇਵਕੋ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ (ਨਾਮ ਸਿਮਰੋ-ਇਹੀ ਨਾਚ ਨੱਚੋ। ਸਿਮਰਨ ਕਰੋ, ਮਨ ਨੱਚ ਉੱਠੇਗਾ, ਮਨ ਚਾਉ-ਭਰਪੂਰ ਹੋ ਜਾਇਗਾ)।
ਹੇ ਮੇਰੇ ਵੀਰ! ਜੇ ਮੈਨੂੰ ਇਹੋ ਜਿਹੇ ਸੰਤ-ਜਨ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ (ਅਸੀਂ ਉਹਨਾਂ ਦੇ ਪੈਰ ਧੋਵੀਏ-ਲਫ਼ਜ਼ੀ) ॥੧॥ ਰਹਾਉ ॥
ਹੇ ਮੇਰੇ ਮਨ! ਹਰ ਰੋਜ਼ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ,
ਜੇਹੜੇ ਫਲ ਦੀ ਇੱਛਾ ਕਰੇਂਗਾ ਉਹੀ ਫਲ ਹਾਸਲ ਕਰ ਲਏਂਗਾ, ਤੇ ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ ॥੨॥
(ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ) ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
ਹੇ ਪ੍ਰਭੂ! ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ ॥੩॥
(ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਪਰਮਾਤਮਾ ਦੇ ਗੁਣ ਬਿਆਨ ਕਰ ਕਰ ਕੇ ਰੱਜਦਾ ਨਹੀਂ ਹੈ ਜਿਉਂ ਜਿਉਂ ਨਾਨਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ।
(ਹੇ ਭਾਈ!) ਪਰਮਾਤਮਾ ਨੇ (ਜੀਵਾਂ ਨੂੰ) ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ (ਇਸ ਜਗਤ ਤੋਂ ਆਪਣੇ ਨਾਲ) ਲੈ ਜਾਂਦਾ ਹੈ ॥੪॥੧੧॥੬੩॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।