ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਹੇ ਭਾਈ! ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਹ ਸਭ ਨਾਲੋਂ ਉੱਚੀ ਹਸਤੀ ਵਾਲਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹ ਲੱਖਾਂ ਵਾਰੀ ਜੰਮਦਾ ਮਰਦਾ ਰਹਿੰਦਾ ਹੈ ॥੬॥
ਹੇ ਭਾਈ! ਜਿਨ੍ਹਾਂ ਗੁਰਮੁਖਾਂ ਸੱਜਣਾਂ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ, ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ।
ਜੇਹੜੇ ਮਨੁੱਖ ਉਹਨਾਂ ਦੀ ਸੰਗਤਿ ਵਿਚ ਵੱਸਦੇ ਹਨ, ਉਹ ਭੀ ਅੱਠੇ ਪਹਰ ਪ੍ਰਭੂ ਦਾ ਨਾਮ ਜਪ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਬਣਾ ਲੈਂਦੈ ਹਨ।
ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰੋਂ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੭॥
ਹੇ ਪ੍ਰਭੂ! ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰਥ ਹੈਂ, ਤੂੰ ਆਪ ਹੀ ਆਪ ਇੱਕ ਹੈਂ, (ਜਗਤ-ਰਚਨਾ ਕਰ ਕੇ) ਅਨੇਕ-ਰੂਪ ਭੀ ਤੂੰ ਆਪ ਹੀ ਹੈਂ।
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭਨਾਂ ਵਿਚ ਵਿਆਪਕ ਹੈਂ, (ਜੀਵਾਂ, ਨੂੰ ਚੰਗੇ ਮੰਦੇ ਦੀ) ਪਰਖ ਦੀ ਅਕਲ (ਦੇਣ ਵਾਲਾ ਭੀ) ਤੂੰ ਆਪ ਹੀ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ! ਜੇ ਤੂੰ ਮੇਹਰ ਕਰੇਂ, ਤਾਂ) ਤੇਰੇ ਭਗਤ ਜਨਾਂ ਦਾ ਆਸਰਾ ਲੈ ਕੇ ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੮॥੧॥੩॥
ਰਾਗ ਸੂਹੀ/ਕਾਫੀ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਖਸਮ-ਪ੍ਰਭੂ! ਜੇ ਮੈਂ ਭੁੱਲਾਂ ਕਰਦੀ ਹਾਂ, ਜੇ ਮੈਂ ਉਕਾਇਆਂ ਕਰਦੀ ਹਾਂ, ਤਾਂ ਭੀ ਮੈਂ ਤੇਰੀ ਹੀ ਅਖਵਾਂਦੀ ਹਾਂ (ਮੈਂ ਤੇਰਾ ਦਰ ਛੱਡ ਕੇ ਹੋਰ ਕਿਧਰੇ ਭੀ ਜਾਣ ਨੂੰ ਤਿਆਰ ਨਹੀਂ ਹਾਂ)।
ਜਿਨ੍ਹਾਂ ਦਾ ਪਿਆਰ (ਤੈਥੋਂ ਬਿਨਾ) ਕਿਸੇ ਹੋਰ ਨਾਲ ਬਣਿਆ ਹੋਇਆ ਹੈ, ਉਹ ਛੁੱਟੜਾਂ ਜ਼ਰੂਰ ਝੁਰ ਝੁਰ ਕੇ ਮਰ ਰਹੀਆਂ ਹਨ ॥੧॥
ਮੈਂ ਖਸਮ-ਪ੍ਰਭੂ ਦਾ ਸੋਹਣਾ ਪਾਸਾ (ਕਦੇ ਭੀ) ਨਾਹ ਛੱਡਾਂਗੀ।
ਮੇਰਾ ਉਹ ਪਿਆਰਾ ਲਾਲ ਸਦਾ ਆਨੰਦ-ਸਰੂਪ ਹੈ, ਮੇਰਾ ਇਹੀ ਆਸਰਾ ਹੈ ॥੧॥ ਰਹਾਉ ॥
ਹੇ ਖਸਮ-ਪ੍ਰਭੂ! ਮੇਰਾ ਤਾਂ ਤੂੰ ਹੀ ਸੱਜਣ ਹੈਂ, ਤੂੰ ਹੀ ਸਨਬੰਧੀ ਹੈਂ। ਮੈਨੂੰ ਤਾਂ ਤੇਰੇ ਉਤੇ ਹੀ ਮਾਣ ਹੈ।
ਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਵੱਸਦਾ ਹੈਂ, ਤਦੋਂ ਹੀ ਮੈਂ ਸੁਖੀ ਹੁੰਦੀ ਹਾਂ। ਮੈਂ ਨਿਮਾਣੀ ਦਾ ਤੂੰ ਹੀ ਮਾਣ ਹੈਂ ॥੨॥
ਹੇ ਕਿਰਪਾ ਦੇ ਖ਼ਜ਼ਾਨੇ ਖਸਮ-ਪ੍ਰਭੂ! ਜੇ ਤੂੰ ਮੇਰੇ ਉੱਤੇ ਦਇਆਵਾਨ ਹੋਇਆ ਹੈਂ, ਤਾਂ (ਆਪਣੇ ਚਰਨਾਂ ਤੋਂ ਬਿਨਾ) ਕੋਈ ਹੋਰ (ਆਸਰਾ) ਨਾਹ ਵਿਖਾਈਂ।
ਮੈਂ ਤਾਂ ਇਹੋ ਸੋਹਣੀ ਦਾਤ ਲੱਭੀ ਹੋਈ ਹੈ, ਇਸੇ ਨੂੰ ਮੈਂ ਸਦਾ ਆਪਣੇ ਹਿਰਦੇ ਵਿਚ ਸਾਂਭ ਸਾਂਭ ਰੱਖਦੀ ਹਾਂ ॥੩॥
ਹੇ ਖਸਮ-ਪ੍ਰਭੂ! ਮੈਂ ਆਪਣੇ ਪੈਰਾਂ ਨੂੰ ਤੇਰੇ (ਦੇਸ ਲੈ ਜਾਣ ਵਾਲੇ) ਰਸਤੇ ਉਤੇ ਤੋਰਾਂ। ਹੇ ਪਿਆਰੇ! (ਮੇਰੀਆਂ ਇਹਨਾਂ) ਅੱਖਾਂ ਨੂੰ ਆਪਣਾ ਦਰਸਨ ਦਿਖਾਲ।
ਜੇ ਗੁਰੂ (ਮੇਰੇ ਉਤੇ) ਦਇਆਵਾਨ ਹੋਵੇ, ਤਾਂ ਮੈਂ (ਉਸ ਪਾਸੋਂ) ਆਪਣੇ ਕੰਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦੀ ਰਹਾਂ ॥੪॥
ਜੇ ਮੈਂ ਕਿਤਨੇ ਹੀ ਲੱਖਾਂ ਤੇ ਕ੍ਰੋੜਾਂ ਤੇਰੇ ਗੁਣ ਦੱਸਾਂ, ਤਾਂ ਭੀ ਉਹ ਸਾਰੇ ਤੇਰੇ ਇਕ ਰੋਮ (ਦੀ ਵਡਿਆਈ) ਤਕ ਨਹੀਂ ਅੱਪੜ ਸਕਦੇ।
ਹੇ ਪਿਆਰੇ! ਤੂੰ ਸ਼ਾਹਾਂ ਦਾ ਪਾਤਿਸ਼ਾਹ ਹੈਂ। ਮੈਂ ਤੇਰੇ ਸਾਰੇ ਗੁਣ ਬਿਆਨ ਨਹੀਂ ਕਰ ਸਕਦੀ ॥੫॥
ਹੇ ਪਿਆਰੇ! ਅਣਗਿਣਤ ਹੀ ਸਹੇਲੀਆਂ ਤੇਰੇ (ਦਰ ਦੀਆਂ ਦਾਸੀਆਂ) ਹਨ। ਮੇਰੇ ਨਾਲੋਂ ਉਹ ਸਾਰੀਆਂ ਹੀ ਚੰਗੀਆਂ ਹਨ।
ਇਕ ਰਤਾ ਭੀ ਸਮੇ ਲਈ ਹੀ ਮੇਰੇ ਵਲ ਭੀ ਮੇਹਰ ਦੀ ਨਿਗਾਹ ਨਾਲ ਵੇਖ। ਮੈਨੂੰ ਭੀ ਦਰਸਨ ਦੇਹ, ਤਾ ਕਿ ਮੈਂ ਭੀ ਆਤਮਕ ਆਨੰਦ ਮਾਣ ਸਕਾਂ ॥੬॥
ਹੇ ਮਾਂ! ਜਿਸ ਪ੍ਰਭੂ ਦਾ ਦਰਸਨ ਕੀਤਿਆਂ ਮਨ ਧੀਰਜ ਫੜਦਾ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ?
ਮੈਨੂੰ (ਭਲਾ) ਉਹ (ਪਿਆਰਾ) ਕਿਵੇਂ ਵਿਸਰ ਸਕਦਾ ਹੈ, ਜੋ ਸਾਰੇ ਜਗਤ ਵਿਚ ਵਿਆਪਕ ਹੈ ॥੭॥
ਜਦੋਂ ਮੈਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ, ਆਜਜ਼ ਹੋ ਕੇ (ਮਾਣ ਛੱਡ ਕੇ ਉਸ ਦੇ ਦਰ ਤੇ) ਢਹਿ ਪਈ, ਤਾਂ ਉਹ ਪਿਆਰਾ ਮੈਨੂੰ ਮਿਲ ਪਿਆ।
ਹੇ ਨਾਨਕ! (ਆਖ-) ਕਿਸੇ ਪੂਰਬਲੇ ਜਨਮ ਵਿਚ ਚੰਗੀ ਕਿਸਮਤ ਦਾ ਲਿਖਿਆ ਲੇਖ ਮੈਨੂੰ ਗੁਰੂ ਦੀ ਸਹਾਇਤਾ ਨਾਲ ਮਿਲ ਪਿਆ ਹੈ ॥੮॥੧॥੪॥
ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ।
ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ॥੧॥
ਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ।
ਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਭਾਈ! ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ,
(ਜੋ) ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਹਨ। ਉਹ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ ॥੨॥
ਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ।
ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ ॥੩॥
ਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀਂ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ।
ਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ ॥੪॥