ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦਾ ਨਾਮ ਹੈ 'ਭਗਤੀ ਨੂੰ ਪਿਆਰ ਕਰਨ ਵਾਲਾ'।
ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਤਿਵੇਂ (ਪਰਮਾਤਮਾ ਵਿਚ ਲੀਨ ਰਹਿਣ ਵਾਲੇ ਮਨੁੱਖ) ਪਰਮਾਤਮਾ (ਦੀ ਯਾਦ) ਤੋਂ ਬਿਨਾ ਨਹੀਂ ਜੀਊ ਸਕਦੇ।
ਹੇ ਨਾਨਕ! (ਗੁਰੂ ਦੀ ਰਾਹੀਂ ਜਿਸ ਮਨੁੱਖ ਨੇ) ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਪ੍ਰਭੂ ਨੇ ਉਸ ਦੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ॥੪॥੧॥੩॥
ਸਲੋਕ।
ਹੇ ਭਾਈ! (ਅਸਲ) ਮਿੱਤਰ ਪਰਮਾਤਮਾ ਨੂੰ ਲੱਭ ਲਵੋ। (ਜਿਸ ਦੇ) ਮਨ ਵਿਚ ਉਹ ਆ ਵੱਸਦਾ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ।
ਹੇ ਨਾਨਕ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਉਸ ਦੀ ਸੁਰਤ ਪਰਮਾਤਮਾ ਵਿਚ ਜੁੜ ਗਈ ॥੧॥
ਹੇ ਸਹੇਲੀਏ! (ਜਿਹੜੀ ਜੀਵ-ਇਸਤ੍ਰੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਦੀ ਜ਼ਹਿਰ (ਨਾਲ ਭਰੇ ਹੋਏ ਸਮੁੰਦਰ) ਨੂੰ ਔਖਿਆਈ ਨਾਲ ਲੰਘ ਕੇ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਗੁਰੂ ਦੀ ਸਰਨ) ਆਉਂਦੀ ਹੈ,
ਉਹ ਗੁਰੂ ਦੀ ਮਤਿ ਉੱਤੇ ਤੁਰ ਕੇ (ਆਪਣੇ ਅੰਦਰੋਂ) ਆਪਾ-ਭਾਵ ਮਿਟਾਂਦੀ ਹੈ, (ਤੇ, ਫਿਰ) ਉਸ ਦੀ ਲਗਨ ਪਰਮਾਤਮਾ ਵਿਚ ਲੱਗ ਜਾਂਦੀ ਹੈ।
ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ ਨਾਲ ਉਹ (ਵਿਕਾਰਾਂ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੀ ਹੈ, ਉਸ ਦੇ ਅੰਦਰ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ।
ਹੇ ਦਾਸ ਨਾਨਕ! ਪੂਰੇ ਵੱਡੇ ਭਾਗਾਂ ਨਾਲ ਹੀ ਪ੍ਰਭੂ-ਪਰਮਾਤਮਾ ਮਿਲਦਾ ਹੈ ॥੧॥
ਹੇ ਭਾਈ! (ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ) ਮਨ ਵਿਚ ਹਰੀ-ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
ਪੂਰੇ ਗੁਰੂ ਦੀ ਰਾਹੀਂ ਜਿਸ ਨੂੰ ਪ੍ਰਭੂ ਮਿਲ ਪਿਆ, ਉਹ ਹਰ ਵੇਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।
(ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਕੱਟਿਆ ਜਾਂਦਾ ਹੈ, (ਉਸ ਦੇ ਅੰਦਰ) ਰੱਬੀ ਜੋਤਿ ਜਗ ਪੈਂਦੀ ਹੈ।
ਹੇ ਦਾਸ ਨਾਨਕ! (ਆਖ-) ਉਸ ਮਨੁੱਖ ਲਈ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲੀਨਤਾ ਬਣੀ ਰਹਿੰਦੀ ਹੈ ॥੨॥
ਹੇ ਭਾਈ! ਜਦੋਂ ਕੋਈ (ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗੀ, (ਤਦੋਂ) ਪਿਆਰੇ ਪ੍ਰਭੂ ਨੇ (ਉਸ) ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲਿਆ।
(ਉਸ ਜੀਵ-ਇਸਤ੍ਰੀ ਦੀਆਂ) ਅੱਖਾਂ ਨੇ ਪਿਆਰ ਦੀ ਖਿੱਚ ਖਾਧੀ, ਜਿਵੇਂ ਬਿੱਲੀ (ਦੀਆਂ ਅੱਖਾਂ) ਚੂਹੇ ਵਲ (ਖਾਂਦੀਆਂ ਹਨ)।
ਪੂਰੇ ਗੁਰੂ ਨੇ (ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਨਾਲ ਮਿਲਾ ਦਿੱਤਾ, (ਉਹ ਜੀਵ-ਇਸਤ੍ਰੀ) ਹਰਿ-ਨਾਮ-ਰਸ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ।
ਹੇ ਦਾਸ ਨਾਨਕ! ਹਰਿ-ਨਾਮ ਦੇ ਕਾਰਨ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਹ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੩॥
ਹੇ ਭਾਈ! ਪਰਮਾਤਮਾ ਨੇ (ਮੇਰੇ ਉਤੇ) ਮਿਹਰ ਕੀਤੀ ਹੈ, ਤੇ ਮੈਨੂੰ ਮੂਰਖ ਨੂੰ ਅੰਞਾਣ ਨੂੰ (ਗੁਰੂ ਦੀ ਰਾਹੀਂ ਆਪਣੇ ਚਰਨਾਂ ਵਿਚ) ਜੋੜ ਲਿਆ।
(ਮੇਰਾ) ਗੁਰੂ ਸਲਾਹੁਣ-ਜੋਗ ਹੈ, ਗੁਰੂ ਨੂੰ ਸ਼ਾਬਾਸ਼ੇ, ਜਿਸ ਨੇ (ਮੇਰੇ ਅੰਦਰੋਂ) ਹਉਮੈ ਦੂਰ ਕਰ ਦਿੱਤੀ ਹੈ।
ਹੇ ਭਾਈ! ਜਿਨ੍ਹਾਂ ਵੱਡੇ ਵਾਗਾਂ ਵਾਲੀਆਂ ਦੀ ਕਿਸਮਤ ਜਾਗਦੀ ਹੈ, ਉਹ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੀਆਂ ਹਨ।
ਹੇ ਦਾਸ ਨਾਨਕ! (ਤੂੰ ਭੀ) ਪਰਮਾਤਮਾ ਦਾ ਨਾਮ ਸਲਾਹਿਆ ਕਰ, ਨਾਮ ਤੋਂ ਸਦਕੇ ਹੋਇਆ ਕਰ ॥੪॥੨॥੪॥
ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ।
ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ।
(ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ।
(ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ।
(ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ।
ਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ॥੧॥
ਹੇ ਭਾਈ! (ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ।
ਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ।
ਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ।
ਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ।
ਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ। (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ।
ਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤ ਬਖ਼ਸ਼) ॥੨॥