ਹੇ ਭਾਈ! ਜਿਸ ਥਾਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਭੀ ਭਾਗਾਂ ਵਾਲੇ ਬਣ ਜਾਂਦੇ ਹਨ,
(ਕਿਉਂਕਿ ਜਿਸ ਥਾਂ) ਪਰਮਾਤਮਾ ਦੀ ਕਥਾ-ਵਾਰਤਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ ॥੩॥
(ਇਸ ਵਾਸਤੇ ਹੇ ਭਾਈ!) ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।
ਹੇ ਨਾਨਕ! (ਆਖ-) ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ ॥੪॥੨੯॥੫੯॥
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ,
ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ। (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ ॥੧॥
(ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੁੰਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ)।
ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ ॥੧॥ ਰਹਾਉ ॥
ਹੇ ਭਾਈ! (ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ।
ਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ) ॥੨॥
(ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ-ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ।
ਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ) ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ-ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥
ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ।
ਹੇ ਨਾਨਕ! (ਅਰਦਾਸ ਕਰਿਆ ਕਰ-) ਹੇ ਗੁਰੂ! ਅਸੀਂ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ ॥੪॥੩੦॥੬੦॥
(ਹੇ ਭਾਈ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ।
(ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ। ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ॥੧॥
(ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ।
(ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ ॥੧॥ ਰਹਾਉ ॥
(ਹੇ ਭਾਈ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ।
(ਹੇ ਭਾਈ!) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ ॥੨॥
(ਹੇ ਭਾਈ!) ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ)।
ਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ, ਉਹੋ ਵੱਡੇ ਭਾਗਾਂ ਵਾਲੇ ਹਨ ॥੩॥
(ਹੇ ਭਾਈ! ਵਿਰਲੇ ਸੰਤ ਜਨ ਹੀ ਦਿੱਸਦੇ ਹਨ ਕਿ) ਉਹ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਹੈ, ਅਤੇ ਉਹ ਸਭਨਾਂ ਤੋਂ ਵੱਖਰਾ ਭੀ ਹੈ, ਉਸ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਸਾਰੇ ਭਰਮ-ਵਹਿਮ ਨਾਸ ਹੋ ਜਾਂਦੇ ਹਨ।
ਹੇ ਨਾਨਕ! ਜਿਸ ਮਨੁੱਖ ਦੇ ਪੂਰਨ ਭਾਗ ਜਾਗ ਪੈਂਦੇ ਹਨ ਉਸ ਨੂੰ ਉਹ ਪ੍ਰਭੂ (ਆਪ ਹੀ) ਮਿਲ ਪੈਂਦਾ ਹੈ ॥੪॥੩੧॥੬੧॥
ਹੇ ਭਾਈ! ਉਹ ਸਾਰੇ ਜੀਵ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਜਾਂਦੇ ਹਨ,
ਗੁਰੂ ਨੇ ਆਪ ਉੱਦਮ ਕਰ ਕੇ (ਜਿਸ ਜਿਸ ਜੀਵ ਨੂੰ ਗੁਰ-ਸ਼ਬਦ ਦੀ ਦਾਤ ਦੇ ਕੇ ਉਹਨਾਂ ਦੇ ਸਿਰ ਉਤੇ ਪਿਛਲੇ ਜਨਮਾਂ ਦੇ ਕੀਤੇ ਹੋਏ) ਵਿਕਾਰਾਂ ਦਾ ਭਾਰ ਲਾਹ ਦਿੱਤਾ ॥੧॥
ਹੇ ਭਾਈ! ਗੁਰੂ ਦਾ ਸ਼ਬਦ (ਆਤਮਕ ਜੀਵਨ ਦੇ ਪਲਰਨ ਵਾਸਤੇ ਇਕ ਐਸਾ ਭੋਜਨ ਹੈ ਜੋ) ਕਦੇ ਨਹੀਂ ਮੁੱਕਦਾ। (ਜਿਸ ਮਨੁੱਖ ਦੀ ਉਮਰ ਇਹ ਭੋਜਨ ਆਪ) ਵਰਤਦਿਆਂ (ਅਤੇ ਹੋਰਨਾਂ ਨੂੰ) ਵੰਡਦਿਆਂ ਗੁਜ਼ਰਦੀ ਹੈ,
ਉਸ ਦੇ ਪਾਸ (ਇਸ) ਰਸਦ ਦੇ ਭੰਡਾਰ ਭਰੇ ਰਹਿੰਦੇ ਹਨ, (ਇਸ ਰਸਦ ਵਿਚ) ਕਦੇ ਭੀ ਤੋਟ ਨਹੀਂ ਆਉਂਦੀ ॥੧॥ ਰਹਾਉ ॥
(ਇਸੇ ਵਾਸਤੇ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਨਹੀਂ ਮੁੱਕਦਾ।
(ਦੁਨੀਆ ਵਿਚ) ਧਰਮ, ਅਰਥ, ਕਾਮ, ਮੋਖ (ਇਹ ਚਾਰ ਹੀ ਪ੍ਰਸਿੱਧ ਅਮੋਲਕ ਪਦਾਰਥ ਮੰਨੇ ਗਏ ਹਨ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਉਸ ਨੂੰ ਇਹ ਪਦਾਰਥ) ਦੇਂਦਿਆਂ ਚਿਰ ਨਹੀਂ ਲਾਂਦਾ ॥੨॥
ਹੇ ਭਾਈ! ਗੋਬਿੰਦ ਗੁਪਾਲ ਦੇ ਭਗਤ ਇਕ-ਰਸ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦਾ ਨਾਮ ਸਿਮਰਦੇ ਹਨ।
ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਧਨ (ਇਤਨਾ) ਇਕੱਠਾ ਕਰਦੇ ਰਹਿੰਦੇ ਹਨ ਕਿ ਉਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ॥੩॥
ਹੇ ਪ੍ਰਭੂ! (ਤੇਰੇ ਭਗਤ ਤੇਰੀ ਕਿਰਪਾ ਨਾਲ) ਤੇਰੀ ਸਰਨ ਪਏ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਭਗਤ) ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦੇ ਰਹਿੰਦੇ ਹਨ।
ਹੇ ਨਾਨਕ! ਜਗਤ ਦੇ ਖਸਮ ਪ੍ਰਭੂ ਦੇ ਗੁਣ ਬੇਅੰਤ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੪॥੩੨॥੬੨॥
ਹੇ ਭਾਈ! (ਸਾਧ ਸੰਗਤਿ ਵਿਚ) ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ (ਦਾ ਨਾਮ) ਸਿਮਰ ਸਿਮਰ ਕੇ (ਮਨੁੱਖ ਦੇ) ਸਾਰੇ ਕੰਮ ਸਫਲ ਹੋ ਜਾਂਦੇ ਹਨ।
ਸਾਧ ਸੰਗਤਿ ਵਿਚ ਪਰਮਾਤਮਾ (ਆਪ) ਵੱਸਦਾ ਹੈ, ਆਪਣੇ ਸੰਤ ਜਨਾਂ ਦੇ ਅੰਗ-ਸੰਗ ਵੱਸਦਾ ਹੈ ॥੧॥ ਰਹਾਉ ॥
(ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ ਆ ਕੇ) ਗੁਰੂ ਦੇ ਦਰ ਤੇ ਅਰਦਾਸ ਕਰਦੇ ਰਹਿੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।
ਹੇ ਭਾਈ! ਪ੍ਰਭੂ ਪਾਤਿਸ਼ਾਹ ਆਪਣੇ ਸੰਤ ਜਨਾਂ ਦਾ (ਸਦਾ) ਆਪ ਰਾਖਾ ਹੈ, ਪ੍ਰਭੂ (ਦਾ ਨਾਮ) ਸੰਤ ਜਨਾਂ ਦਾ ਸਰਮਾਇਆ ਹੈ ॥੧॥