ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 242


ਗਉੜੀ ਮਹਲਾ ੫ ॥

ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥

ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ॥੧॥

ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥

ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ।ਰਹਾਉ।

ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥

ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ ॥੨॥

ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥

ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ-(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ॥੩॥

ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥

(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ ॥੪॥

ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥

ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ-ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ॥੫॥

ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥

ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥੬॥

ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥

ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ॥੭॥

ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ

ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ॥੮॥੩॥੧੫॥੪੪॥

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥

ਰਾਗ ਗਉੜੀ-ਪੂਰਬੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।

ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥

ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ।

ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥

ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ।

ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥

(ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ।

ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥

ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ-ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ।

ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥

ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ।

ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥

ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ॥੧॥

ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥

ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ।

ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥

ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ।

ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥

ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ)

ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥

(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ, ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ। ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ।

ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥

ਗੁਰੂ ਦੀ ਮਤਿ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ।

ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੨॥

ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥

ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ।

ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥

(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ)।

ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥

(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ।

ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥

(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ।

ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥

ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ)। ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ।

ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥

ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ॥੩॥

ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥

ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ।

ਮਿਲਿ ਵਰੁ ਨਾਰੀ ਮੰਗਲੁ ਗਾਇਆ ॥

ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ।

ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ।

ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥

ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।

ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥

ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ।

ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥

ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ॥੪॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430