ਹੇ ਭਾਈ! ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ।
ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ ॥੨॥੪॥੮੪॥
ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ।
ਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
ਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ।
(ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ॥੧॥
ਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ,
ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਨਾਨਕ ਆਖਦਾ ਹੈ- ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥
ਹੇ ਭਾਈ! ਗੁਰੂ ਨੇ ਕਰਤਾਰ ਨੇ (ਆਪ ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ।
ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿਚ (ਮੇਰੀ) ਇੱਜ਼ਤ ਰੱਖ ਲਈ ਹੈ (ਨਹੀਂ ਤਾਂ, ਭਰਮੀ ਲੋਕ ਤਾਂ, ਸੀਤਲਾ ਦੇਵੀ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਨਾ ਕਰਦੇ ਰਹੇ) ॥੧॥ ਰਹਾਉ ॥
ਹੇ ਭਾਈ! ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ।
(ਨਿਰਾ ਤਾਪ ਤੋਂ ਹੀ ਨਹੀਂ ਬਚਾਇਆ, ਅੱਨ-ਪੂਜਾ ਤੋਂ ਬਚਾ ਕੇ) ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਭੀ ਦਿੱਤਾ ਹੈ ॥੧॥
ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੋ)।
(ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿਚ ਪਰਵਾਨ ਹੈ ॥੨॥੬॥੮੬॥
ਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ,
ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ ॥
(ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥
(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ।
ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥
(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ, ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ।
ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ ॥੩॥
(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ।
ਨਾਨਕ ਆਖਦਾ ਹੈ- ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ॥੪॥੧॥੮੭॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ।
ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ ॥
ਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ।
ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ॥੧॥
ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ।
ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ ॥੨॥
ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ,