ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ।
ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।
ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ।
ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ।
(ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ।
(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ।
(ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।
(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ।
(ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ।
ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ।
ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ॥੧॥੪॥੬॥
ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ।
ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ ॥੧॥
(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ ॥੧॥ ਰਹਾਉ ॥
(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ)।
ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ ॥੨॥
ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ)।
(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ॥੩॥
(ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।
ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥
ਰਾਗ ਸੂਹੀ, ਘਰ ੭ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ।
(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।
ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੧॥
ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ।
ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ ॥੧॥ ਰਹਾਉ ॥
(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ।
ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ।
ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੨॥
ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ,
(ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।
ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੩॥
ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ।
(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।
ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ ॥੪॥੧॥੮॥
ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ।
ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ ॥੧॥