ਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ,
ਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ)।
ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ ॥੨॥
ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ,
(ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
ਗੁਰੂ ਦਾ ਸੇਵਕ ਸਾਧ ਸੰਗਤ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ॥੩॥
ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ ਚਾਹੀਦੀ ਹੈ,
ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)।
ਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ ॥੪॥
ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ।
ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ।
ਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ ॥੫॥
ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ)
ਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ।
(ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ ॥੬॥
ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ,
ਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
(ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ ॥੭॥
ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ,
ਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ।
ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ ॥੮॥
ਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ।
(ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ।
ਹੇ ਨਾਨਕ! ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ ॥੯॥੧॥੪॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਹ ਪਰਮਾਤਮਾ, ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,
ਸਭ ਜੀਵਾਂ ਵਿਚ ਮੌਜੂਦ ਹੈ, ਤੇ ਫਿਰ ਭੀ ਨਿਰਲੇਪ ਰਹਿੰਦਾ ਹੈ।
ਉਸ ਦਾ ਕੋਈ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਨਹੀਂ, ਕੋਈ ਜਾਤਿ ਨਹੀਂ, ਕੋਈ ਚਿਹਨ ਨਹੀਂ। ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ॥੧॥
ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ-
ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ।
ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ ॥੨॥
ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ)
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ।
(ਪਰ ਜੀਵ ਦੇ ਵੱਸ ਦੀ ਇਹ ਗੱਲ ਨਹੀਂ ਹੈ) ਜਿਸ ਮਨੁੱਖ ਨੂੰ ਪਰਮਾਤਮਾ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਹੀ ਸਹੀ ਜੀਵਨ-ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ॥੩॥
ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ।
ਉਹ ਮਨੁੱਖ ਹੀ (ਇਹਨਾਂ ਦੇ ਪ੍ਰਭਾਵ ਤੋਂ) ਬਚਦੇ ਹਨ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ।
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੪॥
(ਨਾਮ-ਸਿਮਰਨ ਤੋਂ ਬਿਨਾ ਤੀਰਥ-ਇਸ਼ਨਾਨ ਆਦਿਕ ਭਾਵੇਂ) ਅਨੇਕਾਂ ਬਥੇਰੇ (ਮਿਥੇ ਹੋਏ ਧਾਰਮਿਕ) ਕਰਮ ਕੀਤੇ ਜਾਣ,
ਜਿਹੜਾ ਭੀ ਅਜਿਹਾ ਕਰਮ ਕੀਤਾ ਜਾਂਦਾ ਹੈ, ਉਹ ਇਸ ਜੀਵਨ-ਸਫ਼ਰ ਵਿਚ ਮਨੁੱਖ ਦੇ ਪੈਰਾਂ ਵਿਚ ਫਾਹੀ ਬਣਦਾ ਹੈ।
(ਮਨੁੱਖ ਦੇ ਆਤਮਕ ਜੀਵਨ ਵਾਸਤੇ ਹਰਿ-ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ, ਜਿਵੇਂ,) ਬੇ-ਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਖੱਟੀ ਭੀ ਗਵਾਂਦਾ ਹੈ ਤੇ ਰਾਸ-ਪੂੰਜੀ ਭੀ ਗਵਾਂਦਾ ਹੈ ॥੫॥
(ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ) ਕਲਜੁਗ ਵਿਚ ਕੀਰਤਨ ਹੀ ਪਰਧਾਨ ਕਰਮ ਹੈ।
(ਉਂਞ ਤਾਂ ਸਦਾ ਹੀ) ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।